![]()

ਜ਼ਿਲਾ ਲੁਧਿਆਣਾ ਦੇ ਪੰਜ ਦਿਹਾਤੀ ਹਲਕਿਆਂ ਦੀਆਂ 586 ਪੰਚਾਇਤਾਂ ਵਿੱਚੋਂ 507 ਵਿੱਚ ਜਿੱਤ ਦਰਜ-ਅਮਰਜੀਤ ਸਿੰਘ ਟਿੱਕਾ
ਲੁਧਿਆਣਾ, 2 ਜਨਵਰੀ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ (ਦਿਹਾਤੀ) ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਬੀਤੇ ਦਿਨੀਂ ਲੰਘੀਆਂ ਪੰਚਾਇਤ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ। ਇਹ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਹੈ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਸੂਬਾ ਵਿਕਾਸ ਦੀ ਲੀਹ ‘ਤੇ ਹੈ।
ਜ਼ਿਲਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ 21 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਦਾ ਅਤੇ ਇਥੋਂ ਦੇ ਲੋਕਾਂ ਦਾ ਉਹ ਵਿਕਾਸ ਕੀਤਾ ਹੈ, ਜੋ ਪਿਛਲੀ ਅਕਾਲੀ ਭਾਜਪਾ ਸਰਕਾਰ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਨਹੀਂ ਕਰ ਸਕੀ। ਲਾਪਰਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜ਼ਿਲਾ ਲੁਧਿਆਣਾ ਦੇ ਪੰਜ ਦਿਹਾਤੀ ਹਲਕਿਆਂ ਵਿੱਚ 586 ਪੰਚਾਇਤਾਂ ਵਿੱਚੋਂ 507 ਵਿੱਚ ਜਿੱਤ ਦਰਜ ਕੀਤੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਲਕਾ ਜਗਰਾਂਉ ਵਿੱਚ 81 ਵਿੱਚੋਂ 65, ਦਾਖਾ ਵਿੱਚ 113 ਵਿੱਚੋਂ 103, ਸਾਹਨੇਵਾਲ ਵਿੱਚ 160 ਵਿੱਚੋਂ 132, ਗਿੱਲ ਵਿੱਚ 155 ਵਿੱਚੋਂ 135 ਅਤੇ ਹਲਕਾ ਰਾਏਕੋਟ ਵਿੱਚ 77 ਵਿੱਚੋਂ 72 ਪਿੰਡਾਂ ਵਿੱਚ ਜਿੱਤ ਦਰਜ ਕੀਤੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਕੂਡ਼ ਪ੍ਰਚਾਰ ਨੂੰ ਮੁੱਢੋਂ ਰੱਦ ਕਰਕੇ ਵੱਡੀ ਗਿਣਤੀ ਵਿੱਚ ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਪਹੁੰਚੇ। ਉਨਾਂ ਕਿਹਾ ਕਿ ਇਹ ਰੁਝਾਨ ਦਰਸਾਉਂਦਾ ਹੈ ਕਿ ਸੂਬੇ ਦੇ ਵੋਟਰ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਤੇ ਆਪ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਭਰਮ-ਭੁਲੇਖਿਆਂ ‘ਚੋਂ ਪੂਰੀ ਤਰਾਂ ਨਿਕਲ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਨਾਂ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਝੂਠ ਤੋਂ ਗੁੰਮਰਾਹ ਨਹੀਂ ਹੋਣਾ ਚਾਹੁੰਦੇ।
ਉਨਾਂ ਨੇ ਕਿਹਾ ਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਤੋਂ ਕਾਂਗਰਸ ਦੇ ਹੱਕ ਵਿੱਚ ਸ਼ੁਰੂ ਹੋਈ ਲਹਿਰ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮੁਲਕ ਦੇ ਵੱਖ-ਵੱਖ ਸੂਬਿਆਂ ਤੱਕ ਪਹੁੰਚ ਚੁੱਕੀ ਹੈ ਜੋ ਜਮਹੂਰੀਅਤ ਦੇ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਚਾਇਤੀ ਚੋਣਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪੱਖੀ ਮਾਹੌਲ ਦਾ ਸਪੱਸ਼ਟ ਸੰਕੇਤ ਦਿੱਤਾ ਹੈ। ਉਨਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਸੰਸਦੀ ਚੋਣਾਂ ਵਿੱਚ ਵੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਲੈ ਕੇ ਬੀਤੇ 21 ਮਹੀਨਿਆਂ ਵਿੱਚ ਸੂਬੇ ਦਾ ਵਿਕਾਸ ਤੇ ਤਰੱਕੀ ਹੁੰਦੀ ਦੇਖੀ ਹੈ ਜਿਸ ਦਾ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਬੇਡ਼ਾ ਗਰਕ ਕਰ ਦਿੱਤਾ ਗਿਆ ਸੀ।
ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਬਿਨਾਂ ਕਿਸੇ ਸਾਕਾਰਤਮਕ ਏਜੰਡੋਂ ਚਲਾਈ ਨਾਂ-ਪੱਖੀ ਮੁਹਿੰਮ ਦਾ ਫਾਇਦਾ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਹੋਇਆ ਅਤੇ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀ ਨੂੰ ਲਾਭ ਪਹੁੰਚੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਨਾਂ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਪਾਰਟੀ ਸੂਬੇ ਵਿੱਚ ਆਪਣਾ ਵੇਲਾ ਵਿਹਾਅ ਚੁੱਕੀ ਹੈ। ਇਸ ਮੌਕੇ ਉਨਾਂ ਨਾਲ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕੇ. ਕੇ. ਬਾਵਾ, ਮੇਜਰ ਸਿੰਘ, ਪਾਲ ਸਿੰਘ ਗਰੇਵਾਲ ਅਤੇ ਹੋਰ ਹਾਜ਼ਰ ਸਨ।