![]()

ਵੋਟਰ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਵੋਟ ਦਾ ਇਸਤੇਮਾਲ ਕਰਨ-ਜ਼ਿਲਾ ਚੋਣ ਅਫ਼ਸਰ
ਲੁਧਿਆਣਾ , 29 ਦਸੰਬਰ ( ਸਤ ਪਾਲ ਸੋਨੀ ) : ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਚਾਇਤ ਚੋਣਾਂ ਲਈ ਵੋਟਾਂ 30 ਦਸੰਬਰ ਦਿਨ ਐਤਵਾਰ ਨੂੰ ਪਾਈਆਂ ਜਾਣੀਆਂ ਹਨ, ਜਿਸ ਲਈ ਜ਼ਿਲਾ ਲੁਧਿਆਣਾ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੋਣ ਅਮਲਾ ਚੋਣ ਸਮੱਗਰੀ ਸਮੇਤ ਆਪਣੇ-ਆਪਣੇ ਪੋਲਿੰਗ ਬੂਥ ‘ਤੇ ਪਹੁੰਚ ਚੁੱਕਾ ਹੈ। ਸਮੁੱਚੀ ਚੋਣ ਪ੍ਰਕਿਰਿਆ ਨੂੰ ਅਮਨ ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਡ਼ਾਉਣ ਲਈ ਲੋਡ਼ੀਂਦੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਜਾ ਚੁੱਕੇ ਹਨ।
ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕੁੱਲ 941 ਪੰਚਾਇਤਾਂ ਲਈ 11 ਲੱਖ 64 ਹਜ਼ਾਰ ਦੇ ਕਰੀਬ ਵੋਟਰਾਂ ਵੱਲੋਂ ਵੋਟਾਂ ਪਾਈਆਂ ਜਾਣੀਆਂ ਹਨ, ਜਿਸ ਲਈ ਕੁੱਲ 1286 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਇਨਾਂ ਪੋਲਿੰਗ ਬੂਥਾਂ ‘ਤੇ ਵੋਟਾਂ ਪਵਾਉਣ ਲਈ 8000 ਤੋਂ ਵਧੇਰੇ ਸਿਵਲ ਚੋਣ ਅਮਲਾ ਕਰਮੀਆਂ ਨੂੰ ਲਗਾਇਆ ਗਿਆ ਹੈ। ਜ਼ਿਲਾ ਲੁਧਿਆਣਾ ਵਿੱਚ 156 ਪੋਲਿੰਗ ਬੂਥ ਅਤਿ-ਸੰਵੇਦਨਸ਼ੀਲ ਅਤੇ 324 ਸੰਵੇਦਨਸ਼ੀਲ ਐਲਾਨੇ ਗਏ ਹਨ। ਜ਼ਿਲੇ ਵਿੱਚ ਚੁਣੀਆਂ ਜਾਣ ਵਾਲੀਆਂ 941 ਪੰਚਾਇਤਾਂ ਵਿੱਚੋਂ ਜਿੱਥੇ 192 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ, ਉਥੇ ਹੀ 226 ਸਰਪੰਚ ਅਤੇ 3059 ਪੰਚ ਵੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਜ਼ਿਲਾ ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾਡ਼ਿਆ ਜਾਵੇਗਾ। ਉਨ੍ਵਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਿੱਚ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਵਧ ਚਡ਼੍ ਕੇ ਹਿੱਸਾ ਲੈਣ। ਉਨਾਂ ਚੋਣ ਅਮਲੇ ਅਤੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਡ਼ਾਉਣ ਲਈ ਯਤਨ ਕਰਨ।
ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਸਰਪੰਚੀ ਦੀਆਂ ਕੁੱਲ 941 ਸੀਟਾਂ ਹਨ, ਜਿਸ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਤ 181, ਅਨੁਸੂਚਿਤ ਜਾਤੀ (ਇਸਤਰੀ) ਨਾਲ ਸੰਬੰਧਤ 181, ਇਸਤਰੀਆਂ ਨਾਲ ਸੰਬੰਧਤ 289 ਅਤੇ ਜਨਰਲ 290 ਹਨ। ਇਸੇ ਤਰਾਂ ਪੰਚੀ ਲਈ ਕੁੱਲ 6391 ਸੀਟਾਂ ਹਨ, ਜਿਸ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਤ 1506, ਅਨੁਸੂਚਿਤ ਜਾਤੀ (ਇਸਤਰੀ) ਨਾਲ ਸੰਬੰਧਤ 1027, ਪੱਛਡ਼ੀਆਂ ਸ਼੍ਰੇਣੀਆਂ ਲਈ 54, ਇਸਤਰੀਆਂ ਨਾਲ ਸੰਬੰਧਤ 1699 ਅਤੇ ਜਨਰਲ 2105 ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਵੀ ਹਾਜ਼ਰ ਸਨ।