ਵਾਜਰਾ ਏਅਰ ਡਿਫੈਂਸ ਬ੍ਰਿਗੇਡ ਵੱਲੋਂ ਵੀਰ ਨਾਰੀਆਂ ਅਤੇ ਵਿਧਵਾਵਾਂ ਦਾ ਸਨਮਾਨ

Loading

ਲੁਧਿਆਣਾ, 19 ਦਸੰਬਰ ( ਸਤ ਪਾਲ ਸੋਨੀ) :   ਭਾਰਤੀ ਫੌਜ ਦੀ ਵਾਜਰਾ ਏਅਰ ਡਿਫੈਂਸ ਬ੍ਰਿਗੇਡ ਵੱਲੋਂ ਵੀਰ ਨਾਰੀਆਂ ਅਤੇ ਵਿਧਵਾਵਾਂ ਨਾਲ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਾਲਾਨਾ ਸਮਾਗਮ ਦਾ ਮਕਸਦ ਵੀਰ ਨਾਰੀਆਂ ਅਤੇ ਵਿਧਵਾਵਾਂ ਦੀਆਂ ਪੈਨਸ਼ਨਾਂ, ਲਾਭਾਂ ਅਤੇ ਹੋਰ ਕੰਮਾਂ ਸੰਬੰਧੀ ਸਮੱਸਿਆਵਾਂ ਨੂੰ ਸੁਣਨਾ ਅਤੇ ਦੂਰ ਕਰਨਾ ਸੀ। ਇਸ ਮੌਕੇ ਵਾਜਰਾ ਕਾਰਪਸ ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ  ਸਿੰਮੀ ਦੱਤਾ ਮੁੱਖ ਮਹਿਮਾਨ ਵਜੋਂ ਪਹੁੰਚੇ।
ਆਪਣੇ ਸੰਬੋਧਨ ਦੌਰਾਨ ਲੁਧਿਆਣਾ ਮਿਲਟਰੀ ਸਟੇਸ਼ਨ ਦੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਮਨੀਸ਼ ਅਰੋਡ਼ਾ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਜਿੱਥੇ ਸ਼ਹੀਦ ਫੌਜੀਆਂ ਨੂੰ ਯਾਦ ਕਰਨਾ ਹੈ, ਉਥੇ ਸ਼ਹੀਦ ਫੌਜੀਆਂ ਦੀਆਂ ਵਿਧਵਾਵਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ‘ਤੇ ਹੱਲ ਕਰਨਾ ਵੀ ਹੈ।


ਇਸ ਮੌਕੇ ਵੀਰ ਨਾਰੀਆਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ 700 ਤੋਂ ਵਧੇਰੇ ਲੋਕਾਂ ਨੇ ਭਾਗ ਲਿਆ, ਜਿਨਾਂ ਵਿੱਚ 82 ਵੀਰ ਨਾਰੀਆਂ, 182 ਵਿਧਵਾਵਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਸ਼ਾਮਿਲ ਸਨ। ਸਮਾਗਮ ਦੌਰਾਨ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਅਤੇ ਵੀਰ ਨਾਰੀਆਂ ਅਤੇ ਵਿਧਵਾਵਾਂ ਨਾਲ ਸੰਬੰਧਤ ਮਾਮਲੇ ਤਰਜੀਹ ਨਾਲ ਨਿਬੇਡ਼ਨ ਦਾ ਭਰੋਸਾ ਦਿੱਤਾ।
ਇਸ ਮੌਕੇ ਲੋਡ਼ਵੰਦਾਂ ਨੂੰ ਮੁੱਫ਼ਤ ਦਵਾਈਆਂ, ਵੀਲ ਚੇਅਰ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਹਾਇਕ ਸਮੱਗਰੀ ਦੀ ਵੰਡ ਕੀਤੀ ਗਈ। ਫੌਜ ਵੱਲੋਂ ਜਨਵਰੀ 2018 ਤੋਂ ਬਾਅਦ ਵੀਰ ਨਾਰੀਆਂ ਅਤੇ ਵਿਧਵਾਵਾਂ ਨੂੰ 1.1 ਕਰੋਡ਼ ਰੁਪਏ ਦੀ ਵਿੱਤੀ ਸਹਾਇਤਾ, ਆਖ਼ਰੀ ਰਸਮਾਂ ਨਿਭਾਉਣ ਲਈ ਯੋਜਨਾ ਤਹਿਤ 26 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡਣ ਦੇ ਨਾਲ-ਨਾਲ ਕਈ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਮੌਕੇ ਵਾਜਰਾ ਵਾਯੂ ਰਕਸ਼ਕ ਪ੍ਰਾਇਮਰੀ ਸਕੂਲ, ਕੁੰਦਨ ਵਿੱਦਿਆ ਮੰਦਰ ਅਤੇ ਸਤਪਾਲ ਮਿੱਤਲ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਫੌਜ ਦੇ ਬੈਂਡ ਵੱਲੋਂ ਵੀ ਮਨਮੋਹਨ ਧੁੰਨਾਂ ਵਜਾਈਆਂ ਗਈਆਂ। ਇਸ ਮੌਕੇ ਐਰੋ ਮਾਡਲਾਂ ਵੱਲੋਂ ਹਵਾਈ ਕਰਤੱਬ ਵੀ ਦਿਖਾਏ ਗਏ। ਇਸ ਮੌਕੇ ਜ਼ੋਨਲ ਪ੍ਰਧਾਨ ਵੱਲੋਂ ਵਾਜਰਾ ਕਾਰਪਸ ਦੀ ਮੁਰੰਮਤ ਉਪਰੰਤ ਕੰਟੀਨ ਦਾ ਵੀ ਉਦਘਾਟਨ ਕੀਤਾ ਗਿਆ।

30380cookie-checkਵਾਜਰਾ ਏਅਰ ਡਿਫੈਂਸ ਬ੍ਰਿਗੇਡ ਵੱਲੋਂ ਵੀਰ ਨਾਰੀਆਂ ਅਤੇ ਵਿਧਵਾਵਾਂ ਦਾ ਸਨਮਾਨ

Leave a Reply

Your email address will not be published. Required fields are marked *

error: Content is protected !!