![]()

ਮੌਕੇ ‘ਤੋਂ 20,000 ਰੁਪਏ ਅਤੇ ਇੱਕ ਵਿਅਕਤੀ ਗ੍ਰਿਫਤਾਰ
ਲੁਧਿਆਣਾ 13 ਦਸੰਬਰ ( ਸਤ ਪਾਲ ਸੋਨੀ ) : ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸਿਹਤ ਵਿਭਾਗ (ਚੀਕਾ) ਕੈਥਲ ਅਤੇ ਸਿਹਤ ਵਿਭਾਗ, ਲੁਧਿਆਣਾ ਵੱਲੋਂ ਇੱਕ ਸਾਂਝੇ ਤੌਰ ‘ਤੇ ਛਾਪੇਮਾਰੀ ਪਿੰਡ ਜਡ਼ਤੋਲੀ, ਜ਼ਿਲਾ ਲੁਧਿਆਣਾ ਵਿਖੇ ਕੀਤੀ ਗਈ। ਉਨਾਂ ਦੱਸਿਆ ਕਿ ਪਿੰਡ ਜਡ਼ਤੋਲੀ ਵਿਖੇ ਅਮਰਜੀਤ ਸਿੰਘ ਉਰਫ ਗੁਰਪ੍ਰੀਤ ਪੁੱਤਰ ਕਰਨੈਲ ਸਿੰਘ ਵੱਲੋਂ ਉਸਦੇ ਘਰ ਵਿੱਚ ਹੀ ਗੈਰ ਕਾਨੂੰਨੀ ਲਿੰਗ ਜਾਂਚ ਦਾ ਕੰਮ ਚਲਾਇਆ ਜਾ ਰਿਹਾ ਸੀ ਅਤੇ ਲਿੰਗ ਜਾਂਚ ਉਸ ਦੀ ਪਤਨੀ ਅਮਨਦੀਪ ਕੌਰ ਵੱਲੋਂ ਕੀਤੀ ਜਾਂਦੀ ਸੀ।
ਉਨਾਂ ਦੱਸਿਆ ਕਿ ਸੁਖਵਿੰਦਰ ਕੁਮਾਰ ਨਾਂਅ ਦਾ ਵਿਅਕਤੀ, ਜੋ ਕਿ ਜ਼ਿਲਾ ਪਟਿਆਲਾ ਦਾ ਰਹਿਣ ਵਾਲਾ ਹੈ, ਉਹ ਗਰਭਵਤੀ ਔਰਤ ਨੂੰ ਲਿੰਗ ਜਾਂਚ ਲਈ ਅਮਰਜੀਤ ਸਿੰਘ ਉਰਫ ਗੁਰਪ੍ਰੀਤ ਦੇ ਘਰ ਲੈ ਕੇ ਆਇਆ ਅਤੇ ਅਮਨਦੀਪ ਕੌਰ ਵੱਲੋਂ ਲਿੰਗ ਜਾਂਚ ਕਰਨ ਲਈ 20,000 ਦੀ ਰਾਸ਼ੀ ਗਰਭਵਤੀ ਔਰਤ ਪਾਸੋਂ ਲਈ ਗਈ।

ਉਸ ਸਮੇਂ ਮੌਕੇ ‘ਤੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਅਮਰਜੀਤ ਸਿੰਘ ਅਤੇ ਸੁਖਵਿੰਦਰ ਕੁਮਾਰ ਨੂੰ ਫਡ਼੍ਵ ਲਿਆ ਅਤੇ ਤਲਾਸ਼ੀ ਦੌਰਾਨ 20,000 ਰੁਪਏ ਦੇ ਨੋਟ ਵੀ ਬਰਾਮਦ ਕੀਤੇ ਗਏ। ਉਸ ਉਪਰੰਤ ਅਮਰਜੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਇੱਕ ਭਰੂਣ ਲਿੰਗ ਜਾਂਚ ਕਰਨ ਵਾਲੀ ਮਸ਼ੀਨ ਬਰਾਮਦ ਹੋਈ ਅਤੇ ਅਮਨਦੀਪ ਕੌਰ ਮੌਕੇ ‘ਤੇ ਫਰਾਰ ਹੋ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਕੈਸ਼, ਲੈਪਟਾਪ ਅਤੇ ਭਰੂਣ ਲਿੰਗ ਜਾਂਚ ਕਰਨ ਵਾਲੀ ਮਸ਼ੀਨ ਬਰਾਮਦ ਕਰਕੇ ਦੋਨਾਂ ਦੋਸ਼ੀਆਂ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨਾਂ ਦੇ ਵਿਰੁੱਧ 420 ਧਾਰਾ ਅਤੇ ਪੀ.ਸੀ.ਪੀ.ਐਨ.ਡੀ.ਟੀ. ਸੈਕਸ਼ਨ 5 (2) ਦੇ ਤਹਿਤ ਐਫ.ਆਈ.ਆਰ. ਨੰ 271 ਥਾਣਾ ਸਦਰ ਲੁਧਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਲੋਕਾਂ ਤੋਂ ਬਚ ਕੇ ਰਹਿਣ। ਭਰੂਣ ਹੱਤਿਆ ਤੇ ਲਿੰਗ ਜਾਂਚ ਕਰਵਾਉਣਾ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲੇ ਕਾਨੂੰਨ ਦੀ ਨਿਗਾ ‘ਚ ਗੁਨਾਹਗਾਰ ਤੇ ਸਜ਼ਾ ਦੇ ਹੱਕਦਾਰ ਹਨ। ਛਾਪਾਮਾਰੀ ਕਰਨ ਵਾਲੀ ਟੀਮ ‘ਚ ਜ਼ਿਲਾ ਲੁਧਿਆਣਾ ਵੱਲੋਂ ਡਾ. ਐਸ.ਪੀ. ਸਿੰਘ ਜ਼ਿਲਾ ਪਰਿਵਾਰਕ ਭਲਾਈ ਅਫਸਰ, ਡਾ. ਸੰਤੋਸ਼ ਐਸ.ਐਮ.ਓ. ਡੇਹਲੋਂ, ਡਾ. ਗੋਬਿੰਦ ਐਸ.ਐਮ.ਓ. ਮਲੌਦ, ਸਿਹਤ ਵਿਭਾਗ (ਚੀਕਾ) ਕੈਥਲ ਟੀਮ ‘ਚ ਡਾ. ਗੌਰਵ ਪੁਨੀਆ ਪੀ.ਐਨ.ਡੀ.ਟੀ. ਨੋਡਲ ਅਫਸਰ, ਡਾ. ਸੰਜੀਵ ਗਰਗ ਪੀ.ਐਚ ਸੀ. ਅਤੇ ਨਰਿੰਦਰ ਕੁਮਾਰ ਜ਼ਿਲਾ ਪ੍ਰੋਗਰਾਮ ਮੈਨੇਜਰ ਕੈਥਲ ਸ਼ਾਮਿਲ ਸਨ।