ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ

Loading

100 ਫੀਟ ਚੌਡ਼ੀ ਪਹੁੰਚ ਸਡ਼ਕ ਦਾ ਕੰਮ ਜਲਦ ਸ਼ੁਰੂ ਹੋਵੇਗਾ-ਰਜਤ ਅਗਰਵਾਲ

 

ਲੁਧਿਆਣਾ, 1 ਦਸੰਬਰ (ਸਤ ਪਾਲ ਸੋਨੀ ) ਸ਼ਹਿਰ ਦੇ ਪੈਰਾਂ ਵਿੱਚ ਵੱਸਦੇ ਪਿੰਡ ਧਨਾਨਸੂ ਵਿਖੇ ਬਣਨ ਵਾਲੇ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਨੇ ਹੁਣ ਤੇਜ਼ੀ ਫਡ਼ ਲਈ ਹੈ। ਸਥਾਨਕ ਚੰਡੀਗਡ਼ ਸਡ਼ਕ ਤੋਂ ਪ੍ਰੋਜੈਕਟ ਤੱਕ ਬਣਨ ਵਾਲੀ ਸਡ਼ਕ ਦਾ ਕੰਮ ਜਲਦ ਸ਼ੁਰੂ ਕਰਾਉਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ  ਰਜਤ ਅਗਰਵਾਲ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਅਮਰਜੀਤ ਸਿੰਘ ਬੈਂਸ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਰੂਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪਿੰਡ ਧਨਾਨਸੂ ਵਿਖੇ ਪ੍ਰੋਜੈਕਟ ਦਾ ਜਾਇਜ਼ਾ ਲੈਂਦਿਆਂ ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਮਹੱਤਵਪੂਰਨ ਪ੍ਰੋਜੈਕਟ ‘ਤੇ ਕੰਮ ਜ਼ੋਰਾਂ ਨਾਲ ਜਾਰੀ ਹੈ। ਇਸ ਪ੍ਰੋਜੈਕਟ ਲਈ ਲੋਡ਼ੀਂਦੀ ਜ਼ਮੀਨ ਦਾ ਸੀ. ਐੱਲ. ਯੂ. (ਭੂਮੀ ਵਰਤੋਂ ਤਬਦੀਲੀ) ਹੋ ਗਈ ਹੈ ਅਤੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ  ਇਕਨਾਮਿਕਸ ਐਂਡ ਸੋਸ਼ਾਲੋਜੀ ਵਿਭਾਗ ਵੱਲੋਂ ਸੋਸ਼ਲ ਇੰਪੈਕਟ ਅਸੈਸਮੈਂਟ (ਸਮਾਜਿਕ ਪ੍ਰਭਾਵ ਮੁਲਾਂਕਣ) ਦੀ ਕਾਰਵਾਈ ਵੀ ਮੁਕੰਮਲ ਕਰ ਲਈ ਗਈ ਹੈ।
ਉਨਾਂ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਵੱਲੋਂ ਪਿੰਡ ਧਨਾਨਸੂ ਵਿਖੇ 380 ਏਕਡ਼ ਜਗਾ ਵਿੱਚ ਬਣਨ ਵਾਲੇ ਆਪਣੀ ਤਰਾਂ ਦੇ ਪਹਿਲੇ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਦੇ ਕੰਮ ਵਿੱਚ ਤੇਜ਼ੀ ਲੈ ਆਂਦੀ ਹੈ। ਇਸ ਪ੍ਰੋਜੈਕਟ ਨੂੰ ਲੁਧਿਆਣਾ-ਚੰਡੀਗਡ਼ ਸਡ਼ਕ ਨਾਲ ਜੋਡ਼ਨ ਲਈ ਰਾਮਗਡ਼ ਪੁਲਿਸ ਚੌਕੀ ਕੋਲੋਂ ਪਹੁੰਚ ਸਡ਼ਕ ਬਣਾਈ ਜਾਣੀ ਹੈ, ਜਿਸ ਦੀ ਚੌਡ਼ਾਈ ਕਰੀਬ 100 ਫੀਟ ਹੋਵੇਗੀ। ਜਿਸ ਦਾ ਅੱਜ ਜਾਇਜ਼ਾ ਲਿਆ ਗਿਆ। ਸਡ਼ਕ ਬਣਾਉਣ ਦਾ ਕੰਮ ਜਲਦ ਸ਼ੁਰੂ ਹੋਵੇਗਾ।
ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ 500 ਕਰੋਡ਼ ਰੁਪਏ ਲਾਗਤ ਆਉਣੀ ਹੈ, ਜਿਸ ਵਿੱਚੋਂ 120 ਕਰੋਡ਼ ਰੁਪਏ ਸਿਰਫ਼ ਪ੍ਰੋਜੈਕਟ ਲਈ ਲੋਡ਼ੀਂਦੀ ਜ਼ਮੀਨ ਖਰੀਦਣ ਲਈ ਹੀ ਰੱਖੇ ਗਏ ਸਨ। ਇਸ ਪ੍ਰੋਜੈਕਟ ਲਈ 380 ਏਕਡ਼ ਜ਼ਮੀਨ ਅਧਿਗ੍ਰਹਿਣ ਕਰ ਲਈ ਗਈ ਹੈ ਅਤੇ ਇਸ ਬਦਲੇ 120 ਕਰੋਡ਼ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਇਸ ਸਾਈਕਲ ਵੈਲੀ ਵਿੱਚ ਸਰਬੋਤਮ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਜਿਨਾਂ ਵਿੱਚ ਅੰਦਰੂਨੀ ਪੱਕੀਆਂ ਸਡ਼ਕਾਂ, ਟਿਊਬਵੈੱਲ ਅਤੇ ਨਹਿਰੀ ਪਾਣੀ ਦੀ ਸਹੂਲਤ, ਪਾਣੀ ਸੋਧਕ ਪਲਾਂਟ, ਆਟੋਮੇਸ਼ਨ ਸਿਸਟਮ, ਸਾਂਝਾ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ ਅਤੇ ਸਾਲਿਡ ਵੇਸਟ ਮੈਨੇਜਮੈਂਟ, ਸਟੌਰਮ ਵਾਟਰ ਡਰੇਨੇਜ ਅਤੇ ਸੀਵਰੇਜ ਸਿਸਟਮ, ਮੀਂਹ ਵਾਲੇ ਪਾਣੀ ਦਾ ਹਾਰਵੈਸਟਿੰਗ ਸਿਸਟਮ, ਇਲੈਕਟਰੀਕਲ ਸਬ ਸਟੇਸ਼ਨ, ਆਧੁਨਿਕ ਲਾਈਟਾਂ, ਕੇਬਲ ਟੈਲੀਵਿਜ਼ਨ, ਸੀ. ਸੀ. ਟੀ. ਵੀ. ਅਤੇ ਵਧੀਆ ਦੂਰ ਸੰਚਾਰ ਸੇਵਾਵਾਂ ਸ਼ਾਮਿਲ ਹੋਣਗੀਆਂ।
ਇਸ ਪ੍ਰੋਜੈਕਟ ਵਿੱਚ ਕਨਵੈਨਸ਼ਨ ਕਮ ਪ੍ਰਦਰਸ਼ਨੀ ਕੇਂਦਰ, ਟਰਾਂਸਪੋਰਟ ਹੱਬ, ਵੇਅਰਹਾਊਸਿੰਗ ਸਹੂਲਤ, ਬੈਂਕ ਸਹੂਲਤ, ਵਪਾਰਕ ਅਤੇ ਸਿਹਤ ਸੁਵਿਧਾਵਾਂ, ਸਕੂਲ, ਛੋਟੇ ਬੱਚਿਆਂ ਲਈ ਕਰੈੱਚ, ਔਰਤਾਂ ਲਈ ਆਰਾਮ ਘਰ, ਪੁਲਿਸ ਪੋਸਟ, ਕੰਟੀਨ, ਰੈਸਟੋਰੈਂਟ, ਬੱਸ ਅੱਡਾ, ਮਜ਼ਦੂਰਾਂ ਅਤੇ ਡਰਾਈਵਰਾਂ ਲਈ ਰਹਿਣ ਲਈ ਜਗਾ, ਹੁਨਰ ਵਿਕਾਸ ਕੇਂਦਰ ਆਦਿ ਬਣਨਗੇ।
ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਫਰਵਰੀ 2019 ਵਿੱਚ ਪੂਰੀ ਤਰਾਂ ਸ਼ੁਰੂ ਹੋ ਜਾਵੇਗਾ। ਜਦਕਿ ਸਾਰੀਆਂ ਬੁਨਿਆਦੀ ਸਹੂਲਤਾਂ 31 ਦਸੰਬਰ, 2020 ਤੱਕ ਮੁਹੱਈਆ ਕਰਾਉਣ ਦਾ ਟੀਚਾ ਹੈ। ਇਹ ਪੂਰਾ ਪ੍ਰੋਜੈਕਟ ਜੂਨ 2021 ਤੱਕ ਮੁਕੰਮਲ ਹੋ ਕੇ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਟੀਚਾ ਹੈ।

 

29450cookie-checkਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ

Leave a Reply

Your email address will not be published. Required fields are marked *

error: Content is protected !!