![]()

ਸੰਮੇਲਨ ਵਿੱਚ ਸਾਰੇ ਭਾਈਚਾਰਿਆਂ ਦੇ ਮਹਾਂਪੁਰਸ਼ ਹੋਣਗੇ ਸ਼ਾਮਿਲ-ਅਬਦੁਲ ਸ਼ਕੂਰ ਮਾਂਗਟ
ਲੁਧਿਆਣਾ, 28 ਨਵੰਬਰ ( ਸਤ ਪਾਲ ਸੋਨੀ ) : ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਅੱਜ ਇੱਥੇ ਸਰਕਟ ਹਾਊਸ ਵਿਖੇ ਮਿਤੀ 2 ਦਸੰਬਰ ਨੂੰ ਰਾਸ਼ਟਰੀ ਏਕਤਾ ਸੰਮੇਲਨ ਮਨਾਉਣ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਦੇ ਮੈਂਬਰ ਅਬਦੁੱਲ ਸ਼ਕੂਰ ਮਾਂਗਟ ਨੇ ਦੱਸਿਆ ਕਿ ਦੇਸ਼ ਵਿੱਚੋਂ ਨਸਲੀ ਕੱਟੜਵਾਦ ਖਤਮ ਕਰਨ ਅਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਵਿੱਚ ਵਾਧਾ ਕਰਨ ਲਈ ਇਹ ਸਾਰੇ ਭਾਈਚਾਰਿਆਂ ਦਾ ਸਾਂਝਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਾਰੇ ਦੇਸ਼ ਭਰ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।ਅਬਦੁੱਲ ਸ਼ਕੂਰ ਮਾਂਗਟ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਸਾਰੇ ਭਾਈਚਾਰੇ ਦੇ ਮਹਾਂਪੁਰਸ਼ ਸ਼ਾਮਿਲ ਹੋਣਗੇ। ਜਿਨਾਂ ਵਿੱਚ ਬਾਬਾ ਲੱਖਾ ਸਿੰਘ ਨਾਨਕਸਰ, ਪ੍ਰਿਤਪਾਲ ਸਿੰੰਘ ਪਾਲੀ ਪ੍ਰਧਾਨ ਗੁਰੁਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ, ਮੁਨੰਵਰ ਮਸੀਹ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਸਵਾਮੀ ਦਯਾਨੰਦ ਸਰਸਵਤੀ ਅਤੇ ਸ਼ਕਰਾਚਾਰੀਆ ਪ੍ਰਮੋਦ ਕ੍ਰਿਸ਼ਨਮ, ਸਮਾਜ ਰਤਨ ਹੀਰਾ ਲਾਲ ਜੈਨ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਇਸ ਸੰਮੇਲਨ ਦਾ ਇੱਕੋ-ਇੱਕ ਮੰਤਵ ਦੇਸ਼ ਵਿੱਚੋਂ ਕੱਟਡ਼ਵਾਦ ਅਤੇ ਨਫ਼ਰਤ ਨੂੰ ਖਤਮ ਕਰਕੇ ਆਪਸੀ ਸਾਂਝ ਵਧਾਉਣਾ ਹੈ।
ਮੈਂਬਰ ਅਲਬਰਟ ਦੂਆ ਨੇ ਕਿਹਾ ਕਿ ਦੇਸ਼ ਵਿੱਚ ਸਦੀਆਂ ਤੋਂ ਸਾਰੇ ਧਰਮਾਂ ਅਤੇ ਨਸਲਾਂ ਦੇ ਲੋਕ ਆਪਸੀ ਪਿਆਰ ਅਤੇ ਮਿਲਵਰਤਣ ਨਾਲ ਰਹਿੰਦੇ ਆ ਰਹੇ ਹਨ। ਇਸ ਸਾਂਝ ਅਤੇ ਆਪਸੀ ਪਿਆਰ ਨੂੰ ਹੋਰ ਪਰਪੱਕ ਕਰਨ ਲਈ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਉਹਨਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਉਹਨਾਂ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ ਤਾਂ ਕਿ ਦੇਸ਼ ਦੇ ਮੁੱਠੀ ਭਰ ਦੁਸ਼ਮਣ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਫਤੀ-ਏ-ਆਜ਼ਮ ਪੰਜਾਬ ਇਫ਼ਤਕਾਰ ਉਲ ਹਸਨ, ਅਬਦੁੱਲ ਸ਼ਕੂਰ ਥਿੰਦ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ।