ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਅਗਲੇ ਸੈਸ਼ਨ ਵਿੱਚ ਮੁੱਦਾ ਸੰਸਦ ਵਿੱਚ ਉਠਾਵਾਂਗਾ-ਰਵਨੀਤ ਸਿੰਘ ਬਿੱਟੂ

Loading

ਪਿੰਡ ਸਰਾਭਾ ਨੂੰ ‘ਮਾਡਲ ਪਿੰਡ’ ਵਜੋਂ ਵਿਕਸਤ ਕੀਤਾ ਜਾਵੇਗਾ-ਭਾਰਤ ਭੂਸ਼ਣ ਆਸ਼ੂ


ਸਰਾਭਾ/ਲੁਧਿਆਣਾ, 16 ਨਵੰਬਰ ( ਸਤ ਪਾਲ ਸੋਨੀ ) :  ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੂੰ ‘ਮਾਡਲ ਪਿੰਡ’ ਵਜੋਂ ਵਿਕਸਤ ਕਰੇਗੀ। ਜਿਸ ਲਈ ਪਿੰਡ ਦੀਆਂ ਜਾਇਜ਼ ਮੰਗਾਂ ਨੂੰ ਅਗਲੇ 2 ਮਹੀਨੇ ਵਿੱਚ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਉਹ ਅੱਜ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੇ ਨਾਲ-ਨਾਲ ਉਨਾਂ ਦੇ ਸੁਪਨਿਆਂ ਮੁਤਾਬਿਕ ਦੇਸ਼ ਅਤੇ ਸਮਾਜ ਸਿਰਜਣ ਵਾਲੇ ਪਾਸੇ ਲੱਗੀ ਹੋਈ ਹੈ। ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰਨ ਵਚਨਬੱਧਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸ਼ਹੀਦਾਂ ਨਾਲ ਜੁਡ਼ੀਆਂ ਸਾਰੀਆਂ ਥਾਵਾਂ ਨੂੰ ਵਧੀਆ ਤਰੀਕੇ ਨਾਲ ਵਿਕਸਤ ਅਤੇ ਸੰਭਾਲਿਆ ਜਾਵੇ। ਇਸੇ ਕਡ਼ੀ ਵਿੱਚ ਹੀ ਪਿੰਡ ਸਰਾਭਾ ਨੂੰ ‘ਮਾਡਲ ਪਿੰਡ’ ਵਜੋਂ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ ਨੂੰ ਰਾਜ ਪੱਧਰੀ ਅਜ਼ਾਦੀ ਦਿਹਾਡ਼ਾ ਸਮਾਰੋਹ ਵਿੱਚ ਪਿੰਡ ਸਰਾਭਾ ਦੇ ਵਿਕਾਸ ਲਈ 1 ਕਰੋਡ਼ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਰਾਸ਼ੀ ਨਾਲ ਜਲਦ ਹੀ ਵਿਕਾਸ ਕਾਰਜ ਵੱਡੇ ਪੱਧਰ ‘ਤੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਉਨਾਂ ਅਖ਼ਤਿਆਰੀ ਖ਼ਾਤੇ ਵਿੱਚੋਂ ਵੀ ਪਿੰਡ ਦੇ ਵਿਕਾਸ ਲਈ 7 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਉਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਦੀਆਂ ਆਜ਼ਾਦ ਹਵਾਵਾਂ ਦਾ ਨਿੱਘ ਮਾਣ ਰਹੇ ਹਾਂ। ਉਨਾਂ ਪਿੰਡ ਸਰਾਭਾ ਦੀ ਧਰਤੀ ਨੂੰ ਨਮਸਕਾਰ ਕਰਦਿਆਂ ਐਲਾਨ ਕੀਤਾ ਕਿ ਸ਼ਹੀਦ ਦੇ ਜੱਦੀ ਪਿੰਡ ਦੀਆਂ ਮੰਗਾਂ ਨੂੰ ਦੋ ਮਹੀਨੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਇਸ ਪਿੰਡ ਨੂੰ ਨਮੂਨੇ ਦੇ ਪਿੰਡ ਵਜੋਂ ਜਾਣਿਆ ਜਾਵੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਉਨਾਂ ਸੰਸਦ ਵਿੱਚ ਮਾਮਲਾ ਉਠਾਇਆ ਸੀ। ਹੁਣ ਅਗਾਮੀ ਦਸੰਬਰ ਮਹੀਨੇ ਹੋਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ ਵੀ ਉਹ ਇਹ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਉਠਾਉਣਗੇ। ਉਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਦੇਸ਼ ਦੇ ਕੌਮੀ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਕਈ ਦੇਸ਼ ਭਗਤਾਂ ਨੇ ਸ਼ਹੀਦੀ ਦੇ ਜਾਮ ਪੀਤੇ, ਜਿਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦੀ ਪਾਉਣ ਦਾ ਮਾਣ ਕਰਤਾਰ ਸਿੰਘ ਸਰਾਭਾ ਨੂੰ ਜਾਂਦਾ ਹੈ। ਇਸ ਮੌਕੇ ਉਨਾਂ ਨੇ ਵੀ ਆਪਣੇ ਅਖ਼ਤਿਆਰੀ ਕੋਟੇ ਵਿੱਚ 10 ਲੱਖ ਰੁਪਏ ਪਿੰਡ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ।


ਇਸ ਤੋਂ ਪਹਿਲਾਂ  ਆਸ਼ੂ ਅਤੇ ਬਿੱਟੂ ਨੇ ਸ਼ਹੀਦ ਦੇ ਬੁੱਤ, ਸਮਾਰਕ ਅਤੇ ਜੱਦੀ ਘਰ ਵਿਖੇ ਉਨਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਉਨਾਂ ਖੇਡ ਮੇਲੇ ਦੌਰਾਨ ਚੱਲ ਰਹੇ ਪਿੰਡ ਵਾਰ ਫਾਈਨਲ ਫੁੱਟਬਾਲ ਮੁਕਾਬਲੇ ਖ਼ਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਮੁਕਾਬਲੇ ਵਿੱਚ ਕੋਕਰੀ ਕਲਾਂ ਦੀ ਟੀਮ ਨੇ ਪਿੰਡ ਅਜੀਤਵਾਲ ਦੀ ਟੀਮ ਨੂੰ ਹਰਾ ਕੇ ਜੇਤੂ ਖ਼ਿਤਾਬ ‘ਤੇ ਕਬਜ਼ਾ ਕੀਤਾ। ਆਸ਼ੂ ਅਤੇ ਬਿੱਟੂ ਨੇ ਇਨਾਮਾਂ ਦੀ ਵੀ ਵੰਡ ਕੀਤੀ। ਇਸ ਉਪਰੰਤ ਪਿੰਡ ਸਕੂਲ ਵਿੱਚ ਬਣਾਏ ਨਵੇਂ ਕਮਰੇ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪੁਲਿਸ ਮੁੱਖੀ ਖੰਨਾ  ਧਰੁਵ ਦਹੀਆ, ਗੁਰਦੇਵ ਸਿੰਘ ਲਾਪਰਾਂ ਜ਼ਿਲਾ ਪ੍ਰਧਾਨ ਕਾਂਗਰਸ, ਮੇਜਰ ਸਿੰਘ ਭੈਣੀ ਸੀਨੀਅਰ ਕਾਂਗਰਸੀ ਆਗੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਦਮਨਜੀਤ ਸਿੰਘ ਮਾਨ, ਜ਼ਿਲਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਸਿੰਘ ਨਾਰੰਗਵਾਲ,ਮੇਜਰ ਸਿੰਘ ਮੁੱਲਾਂਪੁਰ, ਤਹਿਸੀਲਦਾਰ  ਕੰਵਰ ਨਰਿੰਦਰ ਸਿੰਘ, ਹਰਨੇਕ ਸਿੰਘ ਸਰਾਭਾ, ਭੁਪਿੰਦਰ ਸਿੰਘ ਕਲੱਬ ਪ੍ਰਧਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

28470cookie-checkਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਅਗਲੇ ਸੈਸ਼ਨ ਵਿੱਚ ਮੁੱਦਾ ਸੰਸਦ ਵਿੱਚ ਉਠਾਵਾਂਗਾ-ਰਵਨੀਤ ਸਿੰਘ ਬਿੱਟੂ

Leave a Reply

Your email address will not be published. Required fields are marked *

error: Content is protected !!