![]()
ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ, ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨਾਲ ਜੁੜਨ ਦਾ ਸੱਦਾ

ਲੜਕੇ-ਲੜਕੀਆਂ ਦੇ ਅੰਡਰ-14, 18 ਅਤੇ 25 ਉਮਰ ਵਰਗ ਦੇ ਹੋਣਗੇ ਮੁਕਾਬਲੇ
ਲੁਧਿਆਣਾ, 8 ਅਕਤੂਬਰ ( ਸਤ ਪਾਲ ਸੋਨੀ ) : ਖੇਡ ਵਿਭਾਗ, ਪੰਜਾਬ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ‘ ਨੂੰ ਸਮਰਪਿਤ ਲੜਕੇ ਅਤੇ ਲੜਕੀਆਂ ਦੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਅੰਡਰ-14, ਅੰਡਰ-18 ਅਤੇ ਅੰਡਰ-25 ਵਰਗ ‘ਚ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਏ। ਖੇਡਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਰੰਗ ਬਿਰੰਗੇ ਗੁਬਾਰੇ ਹਵਾ ਵਿੱਚ ਉਡਾ ਕੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਕਨੂੰ ਗਰਗ, ਮੀਨੂੰ ਤਲਵਾੜ ਸੁਪਤਨੀ ਸੰਜੇ ਤਲਵਾੜ ਵਿਧਾਇਕ ਲੁਧਿਆਣਾ (ਪੂਰਬੀ), ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ, ਵੱਡੀ ਗਿਣਤੀ ਵਿੱਚ ਕੋਚ, ਖ਼ਿਡਾਰੀ ਅਤੇ ਦਰਸ਼ਕ ਹਾਜ਼ਰ ਸਨ।ਖ਼ਿਡਾਰੀਆਂ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਕਿ ਖੇਡਾਂ ਜੀਵਨ ਲਈ ਬਹੁਤ ਜ਼ਰੂਰੀ ਹਨ। ਉਨਾਂ ਕਿਹਾ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਤਾਂ ਹੀ ਰੱਖ ਸਕਦਾ ਹੈ, ਜੇਕਰ ਉਹ ਕਿਸੇ ਨਾ ਕਿਸੇ ਖੇਡ ਨਾਲ ਜੁੜੇ। ਉਨਾਂ ਖ਼ਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਪੜਾਈ ਦੇ ਨਾਲ–ਨਾਲ ਖੇਡਾਂ ਨਾਲ ਵੀ ਜੁੜਨ ਅਤੇ ਵਧੀਆ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ।ਇਸ ਮੌਕੇ ਉਨਾਂ ਖੇਡ ਖੇਤਰ ਵਿੱਚ ਵਿਸ਼ੇਸ਼ ਨਾਮਣਾ ਖੱਟਣ ਵਾਲੇ ਸਾਬਕਾ ਖ਼ਿਡਾਰੀਆਂ ਅਤੇ ਕੋਚਿੰਜ ਸੁਖਦੇਵ ਸਿੰਘ ਪੰਨੂੰ ਦਰੋਣਾਚਾਰੀਆ, ਸ਼ੁਭਕਰਨਜੀਤ ਸਿੰਘ, ਸਮਿਤਾ ਅਹੂਜਾ, ਗੁਰਸਤਿੰਦਰ ਸਿੰਘ ਅਤੇ ਗੁਰਜੋਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ।

ਇਸ ਮੌਕੇ ਕਰਵਾਏ ਗਏ 600 ਮੀਟਰ ਦੌੜ ਮੁਕਾਬਲੇ ਵਿੱਚ ਲੜਕਿਆਂ ਦੇ ਵਰਗ ਵਿੱਚ ਸਾਜਿਮ ਖੰਨਾ ਪਬਲਿਕ ਸਕੂਲ ਪਹਿਲੇ, ਸਾਹਿਬਜੋਤ ਸਿੰਘ ਜੀ. ਜੀ. ਐੱਨ. ਪਬਲਿਕ ਸਕੂਲ ਦੂਜੇ ਅਤੇ ਚਿਰਾਗ ਉਪਾਧਿਆ ਏ. ਐੱਸ ਮਾਡਲ ਸਕੂਲ ਖੰਨਾ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਦੇ ਵਰਗ ਵਿੱਚ ਪਵਨਪ੍ਰੀਤ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਲੁਧਿਆਣਾ ਪਹਿਲੇ, ਨਵਜੋਤ ਕੌਰ ਕੇ.ਵੀ.ਐੱਮ. ਸਕੂਲ ਹਲਵਾਰਾ ਦੂਜੇ ਅਤੇ ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਅੱਬੂਵਾਲ ਤੀਜੇ ਸਥਾਨ ‘ਤੇ ਰਹੇ। ਜੇਤੂਆਂ ਨੂੰ ਸ੍ਰੀ ਅਗਰਵਾਲ ਨੇ ਜੇਤੂ ਤਮਗਿਆਂ ਨਾਲ ਸਨਮਾਨਿਤ ਕੀਤਾ।

ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੱਧਰੀ ਮੁਕਾਬਲੇ 8 ਤੋਂ 28 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਲੜਕੇ–ਲੜਕੀਆਂ ਦੇ ਅੰਡਰ-14 ਵਰਗ ਦੇ ਖੇਡ ਮੁਕਾਬਲੇ 8 ਅਕਤੂਬਰ ਤੋਂ 10 ਅਕਤੂਬਰ ਤੱਕ, ਲੜਕੇ–ਲੜਕੀਆਂ ਦੇ ਅੰਡਰ-18 ਵਰਗ ਦੇ ਖੇਡ ਮੁਕਾਬਲੇ 16 ਅਕਤੂਬਰ ਤੋਂ 18 ਅਕਤੂਬਰ ਤੱਕ ਅਤੇ ਲੜਕੇ–ਲੜਕੀਆਂ ਦੇ ਅੰਡਰ-25 ਵਰਗ ਦੇ ਖੇਡ ਮੁਕਾਬਲੇ 26 ਤੋਂ 28 ਅਕਤੂਬਰ ਤੱਕ ਹੋਣਗੇ।
ਇਨਾਂ ਖੇਡਾਂ ਦੌਰਾਨ 17 ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨਾਂ ਵਿੱਚੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਐਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਟੇਬਲ ਟੈਨਿਸ, ਵੇਟਲਿਫਟਿੰਗ ਅਤੇ ਫੁੱਟਬਾਲ ਮੁਕਾਬਲੇ ਕਰਵਾਏ ਜਾਣਗੇ। ਮਲਟੀਪਰਪਜ਼ ਹਾਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਬੱਡੀ, ਖੋਹ–ਖੋਹ, ਜੂਡੋ, ਜਿਮਨਾਸਟਿਕ, ਕੁਸ਼ਤੀ, ਵਾਲੀਵਾਲ ਮੁਕਾਬਲੇ ਹੋਣਗੇ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਿਖੇ ਹਾਕੀ ਅਤੇ ਹੈਂਡਬਾਲ, ਲਈਅਰ ਵੈਲੀ ਸਰਾਭਾ ਨਗਰ ਲੁਧਿਆਣਾ ਵਿਖੇ ਰੋਲਰ ਸਕੇਟਿੰਗ, ਰੱਖ਼ ਬਾਗ ਸਥਿਤ ਤੈਰਾਕੀ ਪੂਲ ਵਿੱਚ ਤੈਰਾਕੀ ਅਤੇ ਨਰੇਸ਼ ਚੰਦਰ ਸਟੇਡੀਅਮ ਖੰਨਾ ਜ਼ਿਲਾ ਲੁਧਿਆਣਾ ਵਿਖੇ ਬਾਕਸਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਹੈਂਡਬਾਲ ਅਤੇ ਤੈਰਾਕੀ ਖੇਡਾਂ ਦਾ ਅੰਡਰ-14 ਗਰੁੱਪ ਦੇ ਜ਼ਿਲਾ ਪੱਧਰੀ ਮੁਕਾਬਲੇ 8-10 ਅਕਤੂਬਰ ਦੀ ਬਿਜਾਏ ਅੰਡਰ-18 ਗਰੁੱਪ ਦੇ ਨਾਲ ਹੀ ਮਿਤੀ 16-18 ਅਕਤੂਬਰ ਨੂੰ ਕਰਵਾਏ ਜਾਣਗੇ।
ਉਨਾਂ ਦੱਸਿਆ ਕਿ ਅਗਲੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਖਿਡਾਰੀ ਆਪਣਾ ਜਨਮ ਦਾ ਸਬੂਤ (ਜਨਮ ਸਰਟੀਫਿਕੇਟ/ਅਧਾਰ ਕਾਰਡ) ਨਾਲ ਲੈ ਕੇ ਆਉਣ। ਸਾਰੇ ਮੁਕਾਬਲਿਆਂ ਦੀ ਰਜਿਸਟਰੇਸ਼ਨ ਸੰਬੰਧਤ ਵਰਗ ਦੇ ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਇਆ ਕਰੇਗੀ। ਉਹਨਾਂ ਦੱਸਿਆ ਕਿ ਅੰਡਰ-18 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 2001 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਅੰਡਰ-25 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 1994 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ 28 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ।