ਜ਼ਿਲਾ ਲੁਧਿਆਣਾ ਦੀਆਂ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਮਿਲੀ 1.99 ਕਰੋੜ ਰੁਪਏ ਦੀ ਵਿੱਤੀ ਸਹਾਇਤਾ

Loading

ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਯੋਜਨਾ ਦਾ ਲਾਭ ਲੈਣ-ਡਿਪਟੀ ਕਮਿਸ਼ਨਰ

ਲੁਧਿਆਣਾ, 30 ਸਤੰਬਰ ( ਸਤ ਪਾਲ ਸੋਨੀ ) :  ਗਰਭਵਤੀ ਔਰਤਾਂ ਲਈ ਚਲਾਈ ਗਈ ‘ਪ੍ਰਧਾਨ ਮੰਤਰੀ ਮਾਤਰੂ

ਵੰਦਨਾ ਯੋਜਨਾ’ ਦਾ ਜ਼ਿਲਾ ਲੁਧਿਆਣਾ ਦੇ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਯੋਜਨਾ ਅਧੀਨ ਪਹਿਲੀ ਵਾਰ ਮਾਂ ਬਣੀਆਂ ਜਾਂ ਬਣ ਰਹੀਆਂ ਔਰਤਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਪਹਿਲੀ ਜਨਵਰੀ, 2018 ਤੋਂ ਸ਼ੁਰੂ ਹੋਈ ਇਸ ਯੋਜਨਾ ਤਹਿਤ ਜ਼ਿਲਾ ਲੁਧਿਆਣਾ ਦੀਆਂ ਔਰਤਾਂ ਨੂੰ 1.99 ਕਰੋੜ ਰੁਪਏ ਤੋਂ ਵਧੇਰੇ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਕੀਤੀ।

ਇਸ ਯੋਜਨਾ ਸੰਬੰਧੀ ਜਾਣਕਾਰੀ ਦਿੰਦਿਆਂ  ਅਗਰਵਾਲ ਨੂੰ ਦੱਸਿਆ ਗਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਗਰਭਵਤੀ ਔਰਤਾਂ ਨੂੰ ਆਪਣੇ ਨੇੜੇ ਦੇ ਆਂਗਣਵਾੜੀ ਕੇਂਦਰ ਵਿਖੇ ਆਖਰੀ ਮਾਂਹਵਾਰੀ ਤਰੀਕ ਤੋਂ 150 ਦਿਨਾਂ ਦੇ ਅੰਦਰ-ਅੰਦਰ ਪੰਜੀਕਰਨ ਅਤੇ ਨੇੜਲੇ ਸਿਹਤ ਕੇਂਦਰ ਤੋਂ ‘ਮਾਂ-ਬੱਚਾ ਸਿਹਤ ਕਾਰਡ’ ਜਾਰੀ ਕਰਾਉਣਾ ਜ਼ਰੂਰੀ ਹੁੰਦਾ ਹੈ। ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਇਸ ਯੋਜਨਾ ਤਹਿਤ 8916 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨਾਂ ਨੂੰ 1,99,21,000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਰਾਸ਼ੀ ਇੱਕ ਮਹੀਨੇ ਵਿੱਚ ਸਿੱਧਾ ਲਾਭਪਾਤਰੀ ਦੇ ਬੈਂਕ ਖ਼ਾਤੇ ਵਿੱਚ ਜਾਂਦੀ ਹੈ।ਮਾਂ ਬਣਨ ਵਾਲੀਆਂ ਰਜਿਸਟਰਡ ਔਰਤਾਂ ਨੂੰ 1000 ਰੁਪਏ ਦੀ ਪਹਿਲੀ ਕਿਸ਼ਤ ਗਰਭ ਰਜਿਸਟਰ ਕਰਾਉਣ ‘ਤੇ, 2000 ਰੁਪਏ ਦੀ ਦੂਜੀ ਕਿਸ਼ਤ ਗਰਭ ਦੇ 6 ਮਹੀਨੇ ਦੇ ਪੂਰਬ ਚੈੱਕ ਅੱਪ ‘ਤੇ ਅਤੇ 2000 ਰੁਪਏ ਦੀ ਤੀਜੀ ਕਿਸ਼ਤ ਬੱਚੇ ਦੇ ਪਹਿਲੇ ਗੇੜ ਦੇ ਟੀਕਾਕਰਨ ਪੂਰਾ ਹੋਣ ‘ਤੇ ਮਿਲਣਯੋਗ ਹੁੰਦੀ ਹੈ। ਇਹ ਲਾਭ ਕੇਵਲ ਪਹਿਲੇ ਬੱਚੇ ਦੇ ਜਣੇਪੇ ‘ਤੇ ਉਸ ਔਰਤ ਨੂੰ ਮਿਲਦਾ ਹੈ, ਜਿਸ ਦਾ ਆਪਣੇ ਨਾਮ ‘ਤੇ ਸਿੰਗਲ ਬੈਂਕ ਖ਼ਾਤਾ ਹੁੰਦਾ ਹੈ।

ਇਹ ਲਾਭ ਸਰਕਾਰ ਦੇ ਕਿਸੇ ਵੀ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਵੱਖਰਾ ਹੁੰਦਾ ਹੈ। ਜਦਕਿ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਜਣੇਪਾ ਛੁੱਟੀ (ਮੈਟਰਨਿਟੀ ਲੀਵ) ਦਾ ਲਾਭ ਲੈਣ ਵਾਲੀਆਂ ਔਰਤਾਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੀਆਂ। ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਗਰਭਵਤੀਆਂ ਦਿਵਾਉਣ ਲਈ ਪਿੰਡ ਪੱਧਰੀ ਹੈੱਲਥ, ਸੈਨੀਟੇਸ਼ਨ ਐਂਡ ਨਿਊਟਰੀਸ਼ਨ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਪਿੰਡ ਵਿੱਚ ਗਰਭਵਤੀ ਔਰਤਾਂ ਅਤੇ ਹੋਰ ਸੰਬੰਧਤ ਲੋਕਾਂ ਨਾਲ ਮੀਟਿੰਗਾਂ ਕਰਕੇ ਉਨਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕਰਨ।ਡਾ. ਅਗਰਵਾਲ ਨੇ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਦਾ ਲਾਭ ਲੈਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ, ਸਮੂਹ ਬਾਲ ਵਿਕਾਸ ਅਤੇ ਸੁਰੱਖਿਆ ਅਧਿਕਾਰੀ ਅਤੇ ਹੋਰ ਵੀ ਹਾਜ਼ਰ ਸਨ।

26290cookie-checkਜ਼ਿਲਾ ਲੁਧਿਆਣਾ ਦੀਆਂ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਮਿਲੀ 1.99 ਕਰੋੜ ਰੁਪਏ ਦੀ ਵਿੱਤੀ ਸਹਾਇਤਾ

Leave a Reply

Your email address will not be published. Required fields are marked *

error: Content is protected !!