![]()
ਵੀ. ਪੀ. ਸਿੰਘ ਬਦਨੌਰ ਨੂੰ ‘ਸ਼ੇਰ-ਏ-ਰਾਜਸਥਾਨ’ ਸਨਮਾਨ ਨਾਲ ਨਿਵਾਜ਼ਿਆ

–ਹਰੇਕ ਸਮਾਜ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦੇਣ ‘ਤੇ ਜ਼ੋਰ
ਰਾਏਕੋਟ, 27 ਸਤੰਬਰ ( ਸਤ ਪਾਲ ਸੋਨੀ ) : ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਜੈਨ ਸਮਾਜ ਵੱਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਜੈਨ ਸਮਾਜ ਦੀ ਤਰਾਂ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦੇਣ ਦੀ ਅਪੀਲ ਕੀਤੀ ਹੈ। ਉਹ ਅੱਜ ਸਥਾਨਕ ਕਤਿਆਲ ਪੈਲੇਸ ਵਿਖੇ ਐੱਸ. ਐੱਸ. ਜੈਨ ਸਭਾ ਰਾਏਕੋਟ ਵੱਲੋਂ ਕਰਵਾਏ ਗਏ ਰਾਸ਼ਟਰੀ ਜੈਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਪਹੁੰਚੇ ਸਨ। ਸ੍ਰੀ ਬਦਨੌਰ ਨੇ ਕਿਹਾ ਕਿ ਜੈਨ ਸਮਾਜ ਨੇ ਜਿੱਥੇ ਸਿੱਖਿਆ, ਸਿਹਤ ਅਤੇ ਸਮਾਜ ਦੇ ਪੱਛੜੇ ਵਰਗਾਂ ਦੇ ਉਥਾਨ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉਥੇ ਹੀ ਇਸ ਸਮਾਜ ਵੱਲੋਂ ਰਾਸ਼ਟਰ ਦੇ ਸਰਬਪੱਖੀ ਨਿਰਮਾਣ ਵਿੱਚ ਵੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਸਰਾਹਨਾ ਕੀਤੀ ਜਾਣੀ ਬਣਦੀ ਹੈ। ਉਨਾਂ ਜੈਨ ਸਮਾਜ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਦੂਤ ਕਰਾਰ ਦਿੰਦਿਆਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਇਸ ਸਮਾਜ ਤੋਂ ਪ੍ਰੇਰਨਾ ਲੈਂਦਿਆਂ ਇਸ ਦਿਸ਼ਾ ਵਿੱਚ ਸਾਰਥਿਕ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਰਾਸ਼ਟਰ ਜੈਨ ਸਮਾਜ ਦੀਆਂ ਸੇਵਾਵਾਂ ਦਾ ਕਦੇ ਵੀ ਮੁੱਲ ਨਹੀਂ ਮੋੜ ਸਕਦਾ ਹੈ।

ਉਨਾਂ ਸਮਾਜ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਇੱਕਜੁੱਟ ਕਰਨ ਅਤੇ ਇੱਕ ਮੰਚ ‘ਤੇ ਲਿਆਉਣ ਲਈ ਉਪਰਾਲੇ ਕਰਨ ਤਾਂ ਜੋ ਪੰਜਾਬ ਵਰਗੇ ਸੂਬੇ ਵਿੱਚ ਇੱਕ ਵਧੀਆ ਸਮਾਗਮ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਜੈਨ ਸਮਾਜ ਬਾਰੇ ਦੱਸਿਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਜੈਨ ਸਮਾਜ ਦੇ ਲੋਕ ਇਕੱਠੇ ਹੋ ਕੇ ਦੇਸ਼ ਦੇ ਸਮਾਜਿਕ ਉਥਾਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ।
ਸ੍ਰੀ ਬਦਨੌਰ ਨੇ ਸ੍ਰੀ ਰਾਜੇਸ਼ ਮੁਨੀ ਜੀ ਦੇ 1500ਵੇਂ ਅਭਿਗ੍ਰਹਿ ਮੌਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਪੀਲ ਕੀਤੀ ਕਿ ਜੈਨ ਸਮਾਜ ਦੇ ਹੋਰ ਪ੍ਰਮੁੱਖ ਧਾਰਮਿਕ ਗੁਰੂਆਂ ਨੂੰ ਪੰਜਾਬ ਲਿਆਉਣ ਅਤੇ ਇਥੋਂ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਲਈ ਕਹਿਣ ਤਾਂ ਜੋ ਇਸ ਨਾਲ ਸਮਾਜ ਦਾ ਧਾਰਮਿਕ ਪੱਖੋਂ ਹੋਰ ਵਿਕਾਸ ਸੰਭਵ ਹੋ ਸਕੇ। ਉਨਾਂ ਸ੍ਰੀ ਰਾਜਿੰਦਰ ਮੁਨੀ ਜੀ ਦਾ ਵੀ ਪੰਜਾਬ ਆਉਣ ‘ਤੇ ਧੰਨਵਾਦ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਆਈ. ਏ. ਐੱਸ. ਅਧਿਕਾਰੀ ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਹ ਅਤੇ ਹਲਕਾ ਰਾਏਕੋਟ ਦੇ ਵਾਸੀ ਇਸ ਗੱਲ ‘ਤੇ ਖੁਸ਼ ਹਨ ਕਿ ਜੈਨ ਸਮਾਜ ਵੱਲੋਂ ਆਪਣਾ ਰਾਸ਼ਟਰੀ ਸਮਾਗਮ ਕਰਨ ਲਈ ਸ਼ਹਿਰ ਰਾਏਕੋਟ ਨੂੰ ਚੁਣਿਆ ਗਿਆ ਹੈ। ਉਨਾਂ ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਜੈਨ ਸਮਾਜ ਦੇ ਲੋਕਾਂ ਨੂੰ ਨਿੱਘਾ ਜੀ ਆਇਆਂ ਨੂੰ ਕਿਹਾ ਅਤੇ ਹਰ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਬਦਨੌਰ ਨੂੰ ਸ਼ੇਰ-ਏ-ਰਾਜਸਥਾਨ ਦੇ ਸਨਮਾਨ ਨਾਲ ਨਿਵਾਜਿਆ ਗਿਆ। ਸਮਾਗਮ ਨੂੰ ਐੱਸ. ਐੱਸ. ਜੈਨ ਸਭਾ ਰਾਏਕੋਟ ਦੇ ਪ੍ਰਧਾਨ ਸ੍ਰੀ ਲਲਿਤ ਜੈਨ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।