![]()
ਅਕਾਲੀ ਦਲ ਲਾਂਘੇ ਲਈ ਮੋਦੀ ਤੇ ਪਾਵੇ ਦਬਾਅ :ਸ਼ੰਕਰ

ਲੁਧਿਆਣਾ , 22 ਸਤੰਬਰ ( ਸਤ ਪਾਲ ਸੋਨੀ ) : ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕਿਹਾ ਕਿ 25 ਸਤੰਬਰ ਨੂੰ ਅਮਰੀਕਾ ਵਿਚ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਸਮੇਂ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਹਮਰੁੱਤਬਾ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਸ਼ੀ੍ ਕਰਤਾਰਪੁਰ ਸਾਹਿਬ ਗੁਰਦਵਾਰੇ ਲਈ ਲਾਂਘਾ ਖੁਲਵਾਉਣ ਨੂੰ ਪਹਿਲ ਦੇਣ। ਸ਼ੰਕਰ ਨੇ ਪ੍ਰੈੱਸ ਦੇ ਨਾਮ ਇਕ ਬਿਆਨ ਵਿਚ ਅਕਾਲੀ ਦਲ ਨੂੰ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਦੇ ਮੁੱਦੇ ਤੇ ਰਾਜਨੀਤੀ ਕਰਨ ਦੀ ਬਜਾਏ ਮੋਦੀ ਸਰਕਾਰ ਤੇ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਦੇ ਲਟਕ ਰਹੇ ਇਸ ਮਸਲੇ ਦਾ ਸਥਾਈ ਹੱਲ ਕਰਾਉਣ ਲਈ ਦਬਾਅ ਪਾਉਣ। ਉਨਾਂ ਕਿਹਾ ਕਿ ਅਕਾਲੀ ਦਲ ਦੀ ਕੇੰਦਰੀ ਮੰਤਰੀ ਹਰਸਿਮਰਤ ਬਾਦਲ ਨੇ ਪਿਛਲੇ ਦਿਨਾਂ ਦੌਰਾਨ ਇਸ ਮੁੱਦੇ ਤੇ ਬੇਲੋੜੀ ਬਿਅਨਬਾਜੀ ਕਰਕੇ ਮੁੱਦੇ ਨੂੰ ਉਲਝਾਉਣ ਦਾ ਯਤਨ ਕੀਤਾ ਹੈ ਅਤੇ ਇਹ ਵੀ ਦਾਅਵੇ ਕੀਤੇ ਕਿ ਪਾਕਿਸਤਾਨ ਵਲੋਂ ਅਜੇ ਤਕ ਕੋਈ ਪਹਿਲਕਦਮੀ ਨਹੀਂ ਹੋਈ ਹੈ ਜਦ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 14 ਸਤੰਬਰ ਨੂੰ ਲਿੱਖੇ ਪੱਤਰ ਵਿਚ ਆਪਸੀ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੇ ਨਾਲ ਧਾਰਮਿਕ ਟੂਰਿਜ਼ਮ ਅਤੇ ਵਪਾਰ ਵਧਾਉਣ ਦੀ ਇੱਛਾ ਜਾਹਿਰ ਕੀਤੀ ਹੈ । ਸ਼ੰਕਰ ਨੇ ਕਿਹਾ ਸਿੱਖ ਕੌਮ ਰੋਜਾਨਾ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੀ ਦਾਤ ਮੰਗਦੀ ਹੈ ਅਤੇ ਇਹ ਮੁੱਦਾ ਵਿਸ਼ਵ ਭਰ ਵਿਚ ਬੈਠੀ ਸਿੱਖ ਸੰਗਤ ਅਤੇ ਦੂਜੇ ਧਰਮਾਂ ਦੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਇਸ ਤੇ ਕੋਝੀ ਰਾਜਨੀਤੀ ਬਿਲਕੁੱਲ ਹੀ ਨਹੀਂ ਹੋਣੀ ਚਾਹੀਦੀ।
ਆਪ ਬੁਲਾਰੇ ਨੇ ਕਿਹਾ ਕਿ ਬੇਸ਼ਕ ਹੁਣ ਕਰਤਾਰਪੁਰ ਲਾਂਘੇ ਦਾ ਮਾਮਲਾ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਸਮੇਂ ਪਾਕਿਸਤਾਨੀ ਫੌਜ ਦੇ ਮੁੱਖੀ ਵਲੋਂ ਉਨ੍ਹਾਂ ਨੂੰ ਸੂਚਿਤ ਕਰਨ ਪਿਛੋਂ ਫਿਰ ਤੋਂ ਖੁਲਿਆ ਹੈ ਪ੍ਰੰਤੂ ਸਿੱਖ ਸੰਗਤਾਂ ਭਾਰਤ ਸਰਕਾਰ ਪਾਸੋਂ ਲੰਮੇ ਸਮੇਂ ਤੋਂ ਇਸ ਲਾਂਘੇ ਨੂੰ ਪਾਕਿਸਤਾਨ ਸਰਕਾਰ ਤੋਂ ਖੁਲਵਾਉਣ ਲਈ ਮੰਗ ਕਰਦੀਆਂ ਆ ਰਹੀਆਂ ਨੇ। ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਡਾ ਮਨਮੋਹਨ ਸਿੰਘ ਨੇ ਵੀ ਆਪਣੇ ਸਮੇਂ ਤੇ ਇਹ ਮੁੱਦਾ ਪਾਕਿਸਤਾਨ ਸਰਕਾਰ ਪਾਸ ਉਠਾਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ਕ ਅਕਾਲੀ ਦਲ ਪੰਜਾਬ ਵਿਚ ਆਪਣੀ ਸਰਕਾਰ ਸਮੇਂ ਕੇਂਦਰ ਵਿਚ ਇਸ ਦੀ ਭਾਈਵਾਲੀ ਵਾਲੀ ਮੋਦੀ ਦੀ ਐਨ ਡੀ ਏ ਸਰਕਾਰ ਤੇ ਦਬਾਅ ਬਣਾ ਕੇ ਇਹ ਲਾਂਘਾ ਖੁਲਵਾਉਣ ਲਈ ਕੁੱਝ ਖਾਸ ਨਹੀਂ ਕਰ ਸਕਿਆ ਪਰ ਅਜੇ ਵੀ ਅਕਾਲੀ ਦਲ ਅਤੇ ਬੀਜੇਪੀ ਪਾਸ ਲਾਂਘਾ ਖੁਲਵਾ ਕੇ ਸਮੁਚੀ ਸਿੱਖ ਸੰਗਤ ਦਾ ਮਨ ਜਿਤਣ ਦਾ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਦ ਅਹਿਮਦ ਚੌਧਰੀ ਪਹਿਲਾਂ ਹੀ ਇਕ ਪ੍ਰੈਸ ਕਾਨਫਰੰਸ ਕਰਕੇ ਲਾਂਘਾ ਖੋਲਣ ਲਈ ਸਰਕਾਰ ਦੀ ਸਹਿਮਤੀ ਜਾਹਿਰ ਕਰ ਚੁੱਕੇ ਹਨ ।ਸ਼ੰਕਰ ਨੇ ਅੱਗੇ ਕਿਹਾ ਕਿ ਇਸ ਲਾਂਘੇ ਦੇ ਖੁਲਣ ਨਾਲ ਜਿਥੇ ਪੂਰੇ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ ਮਨਾਉਣ ਲਈ ਸਮੁੱਚੇ ਵਿਸ਼ਵ ਚ ਵਸਦੀਆਂ ਸਿੱਖ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਦੇ ਅੰਤਿਮ ਸਮੇਂ ਦੀ ਕਰਮ ਭੂਮੀ ਤੇ ਗੈਰ ਵੀਜ਼ਾ ਲਏ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਏਗਾ ਉਥੇ ਦੋਵੇਂ ਦੇਸ਼ਾਂ ਅੰਦਰ ਵਪਾਰਕ ਸਬੰਧ ਸੁਧਰਨ ਵਿਚ ਵੀ ਮੱਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਸਰਹੱਦ ਉਪਰ ਤਣਾਅ ਤਾਂ ਦੋਵਾਂ ਮੁਲਕਾਂ ਦੇ ਆਪਸੀ ਰਵੱਈਏ ਤੇ ਨਿਰਭਰ ਕਰਦਾ ਹੈ, ਸਗੋਂ ਇਸ ਨਾਲ ਦੋਵੇਂ ਦੇਸ਼ਾਂ ਵਿਚ ਮੌਜੂਦ ਕੁੜੱਤਣ ਘੱਟ ਕਰਨ ਚ ਮਦਦ ਮਿਲੇਗੀ ।