![]()

ਲੁਧਿਆਣਾ 15 ਸਤੰਬਰ ( ਸਤ ਪਾਲ ਸੋਨੀ ) :ਮੌਂਟਰੀਆਲ( ਕੈਨੇਡਾ) ਵੱਸਦੇ ਪੰਜਾਬੀ ਨਾਵਲਕਾਰ ਤੇ ਕਵੀ ਅਜਾਇਬ ਸਿੰਘ ਸੰਧੂ (ਮਾਣੂੰਕੇ ਸੰਧੂਆਂ) ਦਾ ਗੀਤ ਸੰਗ੍ਰਹਿ ਯਾਰ ਪਰਦੇਸੀਆਨੂੰ ਲੋਕ ਅਰਪਨ ਕਰਦਿਆਂ ਜੀ ਜੀ ਐੈੱਨ ਖ਼ਾਲਸਾ ਕਾਲਜ ਲੁਧਿਆਣਾ ਦੇ ਗੁਰੂ ਨਾਨਕ ਪੰਚਮ ਸ਼ਤਾਬਦੀ ਹਾਲ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘਨੇ ਕਿਹਾ ਹੈ ਕਿ ਯਾਰ ਪਰਦੇਸੀਆ ਗੀਤ ਸੰਗ੍ਰਹਿ ਪਰਵਾਸੀ ਮਨ ਦੀ ਸੁੱਚੀ ਵੇਦਨਾ ਵਾਂਗ ਹੈ। ਉਨ੍ਹਾਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਗੁਰੂ ਨਾਨਕ ਹਾਲ ਚ ਪਹਿਲੇ ਸਮਾਗਮ ਚ ਹੀ ਪੁਸਤਕ ਲੋਕ ਅਰਪਨ ਕਰਨ ਨੂੰ ਸ਼ੁਭ ਕਾਰਜ ਕਿਹਾ। ਕਾਲਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਸਮੂਹ ਮਹਿਮਾਨਾਂ ਨੂੰ ਸੁਆਗਤੀ ਸ਼ਬਦ ਕਹੇ। ਉਨ੍ਹਾਂ ਆਖਿਆ ਕਿ ਕਾਲਜ ਦੀਆਂ ਪੁਰਾਤਨ ਰਵਾਇਤਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਅਜਾਇਬ ਸਿੰਘ ਸੰਧੂ ਪੰਜਾਬੀ ਸਾਹਿੱਤ ਅਕਾਡਮੀ ਦੇ ਸਨਮਾਨਿਤ ਮੈਂਬਰ ਹਨ ਤੇ ਬਦੇਸ਼ ਚ ਪੰਜਾਬੀ ਭਾਸ਼ਾ ਦੇ ਸਫੀਰ ਹਨ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਅਜਾਇਬ ਸਿੰਘ ਸੰਧੂ ਦੇ ਗੀਤਾਂ ਨੂੰ ਲੋਕਗੀਤਕ ਰਵਾਇਤ ਦੇ ਅਨੁਸਾਰੀ ਕਿਹਾ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਬਾਰੇ ਡਾ: ਤੇਜਿੰਦਰ ਕੌਰ ਜਾਣਕਾਰੀ ਦੇਂਦਿਆਂ ਕਿਹਾ ਕਿ ਅਜਾਇਬ ਸਿੰਘ ਸੰਧੂ ਕੋਲ ਧਰਤੀ ਦੀ ਜ਼ਬਾਨ ਹੈ, ਪਰਵਾਸੀ ਹੋਣ ਦੇ ਬਾਵਜੂਦ ਪੰਜਾਬ ਪਿਆਰ ਛੱਲਾਂ ਮਾਰਦਾ ਹੈ।
ਅਜਾਇਬ ਸਿੰਘ ਸੰਧੂ ਨੇ ਇਸ ਮੌਕੇ ਚੋਣਵੀਆਂ ਰਚਨਾਵਾਂ ਸੁਣਾਈਆਂ ਤੇ ਕਾਲਜ ਪ੍ਰਬੰਧਕਾਂ ਦਾ ਸਮਾਗਮ ਕਰਨ ਲਈ ਧੰਨਵਾਦ ਕੀਤਾ। ਪੰਜਾਬੀ ਵਿਭਾਗ ਦੀ ਪ੍ਰੋਫੈਸਰ ਸ਼ਰਨਜੀਤ ਕੌਰ ਲੋਚੀ ਨੇ ਕਿਹਾ ਕਿ ਕਾਲਜ ਦੇ ਪ੍ਰਤਿਭਾ ਖੋਜ ਮੁਕਾਬਲਿਆਂ ਮੌਕੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਪੁਸਤਕ ਲੋਕ ਅਰਪਨ ਕਰਨਾ ਵਿਦਿਆਰਥੀਆਂ ਨੂੰ ਸਾਹਿੱਤਕ ਚੇਟਕ ਲਾਉਣ ਲਈ ਹੈ। ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ ਨੇ ਕੀਤੀ ਪੰਜਾਬੀ ਵਿਭਾਗ ਦੇ ਮੁਖੀ ਡਾ: ਸਰਬਜੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।