![]()

ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਕਾਰਨ ਲਗਾਈ ਪਾਬੰਦੀ
ਲੁਧਿਆਣਾ, 14 ਸਤੰਬਰ ( ਸਤ ਪਾਲ ਸੋਨੀ ) : ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਸ਼ਹਿਰ ਲੁਧਿਆਣਾ (ਨਗਰ ਨਿਗਮ ਲੁਧਿਆਣਾ ਦੀ ਹੱਦ ਅੰਦਰ), ਬਲਾਕ ਪੱਖੋਵਾਲ ਅਤੇ ਖੰਨਾ ਵਿੱਚ ਨਵੇਂ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਲਗਾਈ ਗਈ ਹੈ।
ਧਾਰਾ 144 ਤਹਿਤ ਲਗਾਈ ਗਈ ਇਸ ਪਾਬੰਦੀ ਬਾਰੇ ਸ੍ਰੀ ਅਗਰਵਾਲ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ, ਜੇਕਰ ਇਹ ਵਰਤਾਰਾ ਇਸੇ ਤਰਾਂ ਜਾਰੀ ਰਿਹਾ ਤਾਂ ਆਗਾਮੀ ਸਾਲਾਂ ਵਿੱਚ ਇਥੇ ਪਾਣੀ ਦੀ ਵੱਡੀ ਪੱਧਰ ‘ਤੇ ਅਣਹੋਂਦ ਪੈਦਾ ਹੋ ਜਾਵੇਗੀ। ਉਨਾਂ ਕਿਹਾ ਕਿ ਇਸ ਗੰਭੀਰ ਮਾਮਲੇ ‘ਤੇ ਕਾਰਵਾਈ ਕਰਦਿਆਂ ਕੇਂਦਰੀ ਧਰਤਲ ਪਾਣੀ ਅਥਾਰਟੀ ਨੇ ਲੁਧਿਆਣਾ ਸ਼ਹਿਰ, ਪੱਖੋਵਾਲ ਅਤੇ ਖੰਨਾ ਬਲਾਕਾਂ ਨੂੰ ਨੋਟੀਫਾਈਡ ਖੇਤਰ ਐਲਾਨ ਦਿੱਤਾ ਹੈ। ਜਿੱਥੇ ਕਿ ਕਿਸੇ ਵੀ ਤਰਾਂ ਦਾ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਆਦਿ ਲਗਾਏ ਨਹੀਂ ਜਾ ਸਕਣਗੇ।
ਉਨਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਕੁਝ ਲੋਕ ਜ਼ਿਲਾ ਪ੍ਰਸਾਸ਼ਨ ਦੀ ਇਜਾਜ਼ਤ ਤੋਂ ਟਿਊਬਵੈੱਲ ਅਤੇ ਪੰਪ ਲਗਾਈ ਜਾਂਦੇ ਰਹਿੰਦੇ ਹਨ, ਜੋ ਕਿ ਪੂਰੀ ਤਰਾਂ ਗੈਰ ਕਾਨੂੰਨੀ ਹੈ। ਉਨਾਂ ਕਿਹਾ ਕਿ ਇਸ ਪਾਬੰਦੀ ਹੁਕਮ ਨੂੰ ਲਾਗੂ ਕਰਾਉਣ ਦੀ ਜਿੰਮੇਵਾਰੀ ਪੁਲਿਸ ਕਮਿਸ਼ਨਰ ਲੁਧਿਆਣਾ, ਜ਼ਿਲਾ ਪੁਲਿਸ ਮੁਖੀ ਲੁਧਿਆਣਾ (ਦਿਹਾਤੀ) ਅਤੇ ਖੰਨਾ, ਸੰਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੀ ਹੋਵੇਗੀ। ਇਹ ਪਾਬੰਦੀ ਹੁਕਮ 11 ਨਵੰਬਰ, 2018 ਤੱਕ ਲਾਗੂ ਰਹਿਣਗੇ।