![]()
ਇੱਕ ਕਿੱਟ ਇੱਕ ਪਰਿਵਾਰ ਦੇ 6 ਮਹੀਨਿਆਂ ਦੀ ਸਬਜ਼ੀ ਦੀ ਲੋੜ ਨੂੰ ਪੂਰਾ ਕਰੇਗੀ-ਸ਼ੇਨਾ ਅਗਰਵਾਲ
ਲੁਧਿਆਣਾ, 12 ਸਤੰਬਰ ( ਸਤ ਪਾਲ ਸੋਨੀ ) : ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਆਮ ਲੋਕਾਂ ਵਿੱਚ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀ ਬੀਜਾਂ ਦੀ ਕਿੱਟ ਤਿਆਰ ਕੀਤੀ ਗਈ ਹੈ, ਜੋ ਸਸਤੀ ਹੋਣ ਦੇ ਨਾਲ-ਨਾਲ ਆਗਾਮੀ ਸਰਦੀ ਦੇ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਤਕਰੀਬਨ ਸਾਰੀਆਂ ਸਬਜ਼ੀਆਂ ਨੂੰ ਕਵਰ ਕਰਦੀ ਹੈ। ਇਸ ਕਿੱਟ ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਆਪਣੇ ਦਫ਼ਤਰ ਵਿੱਚ ਵਿਕਰੀ ਲਈ ਜਾਰੀ ਕੀਤਾ। ਇਸ ਮੌਕੇ ਬਾਗਬਾਨੀ ਵਿਭਾਗ ਦੇ ਸਥਾਨਕ ਡਿਪਟੀ ਡਾਇਰੈਕਟਰ ਜਗਦੇਵ ਸਿੰਘ, ਸਹਾਇਕ ਪ੍ਰੋਜੈਕਟ ਅਧਿਕਾਰੀ ਅਵਤਾਰ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਇਸ ਕਿੱਟ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਕਿੱਟ ਵਿੱਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ, ਚੀਨੀ ਸਰੋਂ, ਚਕੰਦਰ ਅਤੇ ਲੈਟਸ ਸਬਜ਼ੀਆਂ ਦੇ ਬੀਜ ਪਾਏ ਗਏ ਹਨ, ਜੋ ਕਿ 6 ਮਰਲੇ ਖੇਤਰ (ਜ਼ਮੀਨ) ਵਿੱਚ ਲਗਾਏ ਜਾ ਸਕਦੇ ਹਨ। ਇਨਾਂ ਨੂੰ ਘਰੇਲੂ ਬਗੀਚੀ ਵਿੱਚ ਬਾਗਬਾਨੀ ਵਿਭਾਗ ਵੱਲੋਂ ਦੱਸੀ ਗਈ ਵਿਉਂਤਬੰਦੀ ਨਾਲ ਲਗਾ ਕੇ 7 ਜੀਆਂ ਦਾ ਪਰਿਵਾਰ 400 ਕਿਲੋ ਤਾਜ਼ੀ ਸਬਜ਼ੀ ਪੈਦਾ ਕਰ ਸਕਦਾ ਹੈ। ਇਹ ਸਬਜ਼ੀ ਇੱਕ ਪਰਿਵਾਰ ਦੇ 6 ਮਹੀਨਿਆਂ ਦੀ ਸਬਜ਼ੀ ਦੀ ਲੋੜ ਨੂੰ ਪੂਰਾ ਕਰੇਗੀ। ਲੋਕਾਂ ਵਿੱਚ ਘਰੇਲੂ ਬਗੀਚੀ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਬਾਗਬਾਨੀ ਵਿਭਾਗ ਨੇ ਇਸ ਕਿੱਟ ਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਤਿਆਰ ਕਰਕੇ ਜਾਰੀ ਕੀਤਾ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਇਸ ਕਿੱਟ ਦੀ ਕੀਮਤ ਮਹਿਜ਼ 80 ਰੁਪਏ ਰੱਖੀ ਗਈ ਹੈ ਤਾਂ ਜੋ ਹਰੇਕ ਵਿਅਕਤੀ ਇਸ ਨੂੰ ਖਰੀਦ ਕੇ ਖੁਦ ਸਬਜ਼ੀਆਂ ਤਿਆਰ ਕਰ ਸਕੇ। ਇਸ ਕਿੱਟ ਵਿੱਚ ਸਬਜ਼ੀਆਂ ਦੇ ਬੀਜ਼ਾਂ ਦੇ ਨਾਲ-ਨਾਲ ਸਬਜ਼ੀਆਂ ਨੂੰ ਲਗਾਉਣ ਅਤੇ ਉਨਾਂ ਦੀ ਸਮੇਂ-ਸਮੇਂ ਸਿਰ ਸੰਭਾਲ ਬਾਰੇ ਜਾਣਕਾਰੀ ਦੇਣ ਲਈ ਇੱਕ ਪੈਂਫਲੈੱਟ ਵੀ ਪਾਇਆ ਗਿਆ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਲੋੜੀਂਦੀ ਮਾਤਰਾ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਤੱਤ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ਼ ਤਾਜ਼ੀ ਹੁੰਦੀ ਹੈ, ਸਗੋਂ ਹਾਨੀਕਾਰਕ ਕੀੜੇ ਮਾਰ ਦਵਾਈਆਂ ਤੋਂ ਵੀ ਰਹਿਤ ਹੁੰਦੀ ਹੈ। ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾਉਣ ਨਾਲ ਸਾਲਾਨਾ ਅੰਦਾਜ਼ਨ 5000 ਰੁਪਏ ਪ੍ਰਤੀ ਜੀਅ ਖਰਚਾ ਵੀ ਬਚਦਾ ਹੈ।
ਡਿਪਟੀ ਡਾਇਰੈਕਟਰ ਸ੍ਰ. ਜਗਦੇਵ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਜ਼ਿਲਾ ਲੁਧਿਆਣਾ ਲਈ ਕਰੀਬ 3 ਹਜ਼ਾਰ ਕਿੱਟਾਂ ਭੇਜੀਆਂ ਗਈਆਂ ਹਨ, ਜੋ ਕਿ ਲੁਧਿਆਣਾ ਸਥਿਤ ਮੁੱਖ ਦਫ਼ਤਰ ਤੋਂ ਅਤੇ ਬਲਾਕ ਪੱਧਰੀ ਦਫ਼ਤਰਾਂ ਤੋਂ ਖਰੀਦੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਕਿੱਟ ਬਾਜ਼ਾਰੀ ਕੀਮਤ ਨਾਲੋਂ ਕਾਫੀ ਸਸਤੀ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਹ ਕਿੱਟ ਖਰੀਦ ਕੇ ਘਰੇਲੂ ਬਗੀਚੀ ਤਿਆਰ ਕਰਨੀ ਚਾਹੀਦੀ ਹੈ।
253200cookie-checkਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀਆਂ ਦੀ ਕਿੱਟ ਬਾਜ਼ਾਰ ‘ਚ ਉਤਾਰੀ
