![]()
ਸਰਬੋਤਮ ਗਤੀਵਿਧੀਆਂ ਨੂੰ ਪੂਰੇ ਜ਼ਿਲੇ ਵਿੱਚ ਕਰਵਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਵੱਧ ਤੋਂ ਲਾਭ ਦਿਵਾਇਆ ਜਾ ਸਕੇ–ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ, 11 ਸਤੰਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਜ਼ਿਲਾ ਲੁਧਿਆਣਾ ਵਿੱਚ ਵੱਖ–ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਨਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਵੱਖ–ਵੱਖ ਵਿਭਾਗਾਂ ਦੇ ਜ਼ਿਲਾ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਮਿਸ਼ਨ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਇਆ ਜਾ ਸਕੇ।
ਸ਼ੇਨਾ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮਿਸ਼ਨ ਨੂੰ ਅੱਗੇ ਲਿਜਾਣ ਲਈ ਪੁਰਜ਼ੋਰ ਯਤਨ ਕਰਨ। ਉਨਾਂ ਕਿਹਾ ਕਿ ਹਰੇਕ ਵਿਭਾਗ ਆਪਣੇ ਪੱਧਰ ‘ਤੇ ਕੀਤੀਆਂ ਗਤੀਵਿਧੀਆਂ ਵਿੱਚੋਂ ਸਭ ਤੋਂ ਵੱਧ ਸਫ਼ਲ ਗਤੀਵਿਧੀ ਬਾਰੇ ਰਿਪੋਰਟ ਕਰਨ ਜਿਸ ਨੂੰ ਆਮ ਲੋਕਾਂ ਨੇ ਬਹੁਤ ਪਸੰਦ ਕੀਤਾ ਹੋਵੇ ਅਤੇ ਉਸ ਕਰਕੇ ਲੋਕਾਂ ਦਾ ਸਭ ਤੋਂ ਵੱਧ ਫਾਇਦਾ ਹੋਇਆ ਹੋਵੇ। ਅਜਿਹੀਆਂ ਗਤੀਵਿਧੀਆਂ ਨੂੰ ਪੂਰੇ ਲੇ ਵਿੱਚ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਮਿਸ਼ਨ ਨਾਲ ਜੋੜਿਆ ਜਾ ਸਕੇ।
ਉਨਾਂ ਕਿਹਾ ਕਿ ਇਸ ਮਿਸ਼ਨ ਦੇ ਸ਼ੁਰੂ ਹੋਣ ਨਾਲ ਜਿੱਥੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਵੱਡੇ ਪੱਧਰ ‘ਤੇ ਠੱਲ ਪਈ ਹੈ, ਉਥੇ ਹੀ ਲੋਕਾਂ ਨੂੰ ਵਾਤਾਵਰਣ ਬਚਾਉਣ ਲਈ ਜਾਗਰੂਕ ਕਰਨ ਦੇ ਨਾਲ–ਨਾਲ ਲੱਖਾਂ ਦੀ ਤਾਦਾਦ ਵਿੱਚ ਪੌਦੇ ਲਗਾਉਣ ਵਿੱਚ ਵੀ ਸਹਾਇਤਾ ਮਿਲੀ ਹੈ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਿਸ਼ਨ ਨੂੰ ਹੋਰ ਵੀ ਕਾਰਗਰ ਬਣਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ।
ਉਨਾਂ ਕਿਹਾ ਕਿ ਇਸ ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ, ਜੋ ਵਿਭਾਗ ਇਸ ਬਾਬਤ ਕੋਈ ਗਤੀਵਿਧੀ ਨਹੀਂ ਕਰ ਰਿਹਾ ਜਾਂ ਘੱਟ ਗਤੀਵਿਧੀਆਂ ਕਰ ਰਿਹਾ ਹੈ, ਉਸ ਬਾਰੇ ਹਰੇਕ ਸੋਮਵਾਰ ਡਿਪਟੀ ਕਮਿਸ਼ਨਰ ਵੱਲੋਂ ਰਿਪੋਰਟ ਲਈ ਜਾ ਰਹੀ ਹੈ, ਤਾਂ ਜੋ ਅਜਿਹੇ ਵਿਭਾਗਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਵੱਖ–ਵੱਖ ਵਿਭਾਗਾਂ ਦੇ ਜ਼ਿਲਾ ਮੁੱਖੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।