ਲੁਧਿਆਣਾ, 7 ਸਤੰਬਰ ( ਸਤ ਪਾਲ ਸੋਨੀ ) : ਲਾਈਫ ਲਾਈਨ ਫਾਉਂਡੇਸ਼ਨ ਲੁਧਿਆਣਾ ਵਲੋਂ 11 ਸਤੰਬਰ 2018 ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਵਾਤਾਵਰਣ ਅਤੇ ਸਿਹਤ ਨੂੰ ਸਮਰਪਿਤ ਦਿਹਾੜਾ ਆਯੋਜਿਤ ਕੀਤਾ ਜਾ ਰਿਹਾ ਹੈ। ਬਾਅਦ ਦੁਪਹਿਰ 2 ਵਜੇ ਤੋਂ ਵਜੇ 8 ਤੱਕ ਕੈਂਸਰ ਅਤੇ ਸਿਹਤ ਚੈਕ ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਵਰਲਡ ਕੈਂਸਰ ਕੇਅਰ ਵਲੋਂ ਬੱਸਾਂ ਵਿਚ ਸਥਾਪਤ ਕੀਤੀਆਂ ਲਿਬਾਰਟਰੀਆਂ ਵਿਚ ਸਭ ਦਾ ਮੁਫਤ ਚੈਕ ਅੱਪ ਕੀਤਾ ਜਾਵੇਗਾ। ਅੰਗਦਾਨ ਰਜਿਸਟ੍ਰੇਸ਼ਨ ਦਾ ਕੈਂਪ ਵੀ ਹੋਵੇਗਾ।
ਇਸ ਮੌਕੇ ‘ਤੇ ਪੰਜਾਬ ਦੇ ਦਸ਼ਾ ਸੂਚਕ ‘ਬੁੱਢਾ ਦਰਿਆ ਲਈ ਕੀ ਕਰਨਾ ਲੋੜੀਏ’ ਵਿਸ਼ੇ ‘ਤੇ ਸੈਮੀਨਾਰ ਰੱਖਿਆ ਗਿਆ ਹੈ। ਪੰਜਾਬ ਦੇ ਕੇਂਦਰੀ ਸ਼ਹਿਰ ਲੁਧਿਆਣਾ ਦੇ ਵਿਚੋਂ ਵਗਦਾ ਗੰਦਾ ਨਾਲਾ ਕਰਕੇ ਜਾਣਿਆਂ ਜਾਂਦਾ ਬੁੱਢਾ ਦਰਿਆ ਵਰਤਮਾਨ ਪੰਜਾਬ ਦੇ ਪਾਣੀਆਂ, ਵਾਤਾਵਰਣ, ਕੁਦਰਤ, ਸਿਹਤ, ਸਨਅਤ, ਵਪਾਰ, ਤਰਨੀਕੀ ਪੱਧਰ, ਅਰਥਚਾਰੇ, ਸ਼ਹਿਰੀ ਤੇ ਦਿਹਾਤੀ ਵਿਕਾਸ ਦੇ ਨਾਲ ਨਾਲ ਸਾਡੀ ਰਾਜਨੀਤੀ, ਪ੍ਰਸ਼ਾਸਨ, ਧਾਰਮਿਕਤਾ ਅਤੇ ਭਾਈਚਾਰਕਤਾ ਦੇ ਮਿਆਰ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨੂੰ ਮਰ ਰਹੇ ਪੰਜਾਬ ਦਾ ਦਸ਼ਾ ਸੂਚਕ ਕਿਹਾ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। 12 ਅਗਸਤ 2018 ਨੂੰ ਚੰਡੀਗਡ਼੍ ਤੋਂ ਲੈ ਕੇ ਸ਼੍ਰੀ ਗੰਗਾ ਨਗਰ ਤੱਕ ਰਹਿੰਦੇ ਅਤੇ ਵਿਦੇਸ਼ਾਂ ਵਿਚ ਵਸਦੇ ਬਾਰਾਂ ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਬੁੱਢੇ ਦਰਿਆ ਦੀ ਪ੍ਰਦੂਸ਼ਨ ਮੁਕਤੀ ਹਿੱਤ ਆਜ਼ਾਦੀ ਦੌਡ਼ ਵਿਚ ਭਾਗ ਲਿਆ।ਇਸ ਦੌੜ ਨੇ ਇਹ ਸੁਨੇਹਾ ਦਿੱਤਾ ਕਿ ਜੇ ਸਾਰੀਆਂ ਧਿਰਾਂ ਅਤੇ ਵਰਗ ਸੁਹਿਰਦ ਭਾਵ ਨਾਲ ਇਕ ਦਿਸ਼ਾ ਵਿਚ ਸੰਯੁਕਤ ਕਾਰਜ ਕਰਕੇ ਗੰਦਗੀ, ਬਦਬੂ ਅਤੇ ਜ਼ਹਿਰਾਂ ਤੋਂ ਰਹਿਤ ਬੁੱਢੇ ਦਰਿਆ ਦੇ ਸੁਪਨੇ ਦੀ ਪੂਰਤੀ ਲਈ ਸਫ਼ਲ ਹੋ ਸਕਣ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਅਸੀਂ ਸਾਰੇ ਰਲ਼ ਕੇ ਪੰਜਾਬ ਦੀ ਦਸ਼ਾ ਵੀ ਸੁਧਾਰ ਸਕਦੇ ਹਾਂ।
ਇਸ ਕਾਰਜ ਪ੍ਰਤੀ ਸੁਹਿਰਦ ਸ਼ਹਿਰ ਦੇ ਐਮ ਐਲ ਏ ਸਾਹਿਬਾਨਾਂ, ਚੇਤੰਨ ਨਾਗਰਿਕਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਤਕਨੀਕੀ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਸੈਮੀਨਾਰ ਵਿਚ ਭਾਗ ਲੈਣ ਲਈ ਬੁਲਾਇਆ ਗਿਆ ਹੈ। ਇਸ ਖੇਤਰ ਵਿਚ ਕੀਤੇ ਗਏ ਫੈਸਲਿਆਂ, ਖੋਜ ਕਾਰਜਾਂ, ਰਿਪੋਰਟਾਂ, ਤਜਵੀਜ਼ਾਂ, ਤਕਨੀਕੀ ਕਾਰਜਾਂ, ਪ੍ਰੋਜੈਕਟਾਂ ਆਦਿ ਦੇ ਰੂਪ ਵਿਚ ਹੋਏ ਕੰਮਾਂ ਦੇ ਬਿਓਰੇ ਦੇ ਨਾਲ ਨਾਲ ਇਸ ਬਾਰੇ ਆਪੋ ਆਪਣਾ ਭਵਿੱਖਮੁਖੀ ਦ੍ਰਿਸ਼ਟੀ ਪੱਤਰ ਪੇਸ਼ ਕਰਨ ਲਈ , ਪ੍ਰਦੂਸ਼ਨ ਕੰਟਰੋਲ ਬੋਰਡ , ਸੀਵਰੇਜ ਬੋਰਡ ,ਨਗਰ ਨਿਗਮ ,ਜ਼ਿਲਾ ਪ੍ਰਸ਼ਾਸਨ, ਨੈਸ਼ਨਲ ਗਰੀਨ ਟ੍ਰਿਬੂਨਲ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਸਾਹਿਬਾਨਾਂ / ਪ੍ਰਿੰਸੀਪਲ ਸਕੱਤਰ ਸਾਹਿਬਾਨਾਂ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਹੈ।