![]()

45 ਨੌਜਵਾਨ ਸਿਵਲ ਹਸਪਤਾਲ ਲੁਧਿਆਣਾ ਸ਼ਿਫਟ
ਲੁਧਿਆਣਾ, 30 ਅਗਸਤ ( ਸਤ ਪਾਲ ਸੋਨੀ ) : ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਅੱਜ ਜ਼ਿਲਾ ਪ੍ਰਸਾਸ਼ਨ ਵੱਲੋਂ ਪਿੰਡ ਆਲਮਗੀਰ ਵਿੱਚ ਚੱਲ ਰਹੇ ਦਿਸ਼ਾ ਨਸ਼ਾ ਛੁਡਾਊ ਕੇਂਦਰ (ਦੁਲੇਂਅ ਰੋਡ) ‘ਤੇ ਛਾਪਾਮਾਰੀ ਕੀਤੀ ਗਈ ਅਤੇ ਉਥੋਂ 45 ਕਥਿਤ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁਕਤ ਕਰਵਾਇਆ ਗਿਆ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਦਮਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਵੱਲੋਂ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਕਾਰਵਾਈ ਦੀ ਖ਼ਬਰ ਪਤਾ ਲੱਗਣ ‘ਤੇ ਉਹ ਕੇਂਦਰ ਨੂੰ ਤਾਲੇ ਲਗਾ ਕੇ ਭੱਜ ਗਏ।
ਜਾਂਚ ਟੀਮ ਵੱਲੋਂ ਕੇਂਦਰ ਦੇ ਤਾਲੇ ਤੋਡ਼ੇ ਗਏ ਤਾਂ ਅੰਦਰ ਦੇਖਿਆ ਕਿ 45 ਨੌਜਵਾਨਾਂ ਨੂੰ ਬੰਦ ਕੀਤਾ ਹੋਇਆ ਸੀ, ਜਿਨਾਂ ਨੂੰ ਮੁਕਤ ਕਰਵਾ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਅਗਲੇਰੇ ਇਲਾਜ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਸਿਵਲ ਹਸਪਤਾਲ ਸਾਹਨੇਵਾਲ ਦੇ ਐੱਸ. ਐੱਮ. ਓ. ਡਾ. ਜੇ. ਪੀ. ਸਿੰਘ ਵੀ ਚੈਕਿੰਗ ਲਈ ਗਏ ਸਨ ਤਾਂ ਪ੍ਰਬੰਧਕਾਂ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ ਸੀ।
ਇਸ ਮੌਕੇ ਟੀਮ ਵਿੱਚ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬੇਅੰਤ ਕੌਰ, ਐੱਸ. ਐੱਚ. ਓ. ਡੇਹਲੋਂ ਅਤੇ ਹੋਰ ਵੀ ਹਾਜ਼ਰ ਸਨ।