![]()
ਆਪਣੇ ਕਾਰਜਕਾਲ ਦੌਰਾਨ ਉਡਾਨਾਂ ਕਿਉਂ ਨਹੀਂ ਸ਼ੁਰੂ ਕਰਵਾ ਸਕੇ ਅਕਾਲੀ-ਬਿੱਟੂ

ਲੁਧਿਆਣਾ, 3 ਸਤੰਬਰ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ-2017 ਦੌਰਾਨ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋਡ਼ ਸਰਕਾਰ ਨੂੰ ਉਨਾਂ ਦਾ ਰਿਪੋਰਟ ਕਾਰਡ ਦੇਖ ਕੇ ਹੀ ਨਕਾਰਿਆ ਸੀ। ਜਿਸ ਪਾਰਟੀ ਜਾਂ ਆਗੂਆਂ ਦਾ ਆਪਣਾ ਰਿਪੋਰਟ ਕਾਰਡ ਜ਼ੀਰੋ ਹੋਵੇ, ਉਹ ਭਲਾ ਲੋਕਾਂ ਵੱਲੋਂ ਜਿਤਾਏ ਹੋਏ ਨੇਤਾਵਾਂ ਨੂੰ ਕਿਵੇਂ ਰਿਪੋਰਟ ਕਾਰਡ ਦੇਖਣ ਬਾਰੇ ਨਸੀਹਤ ਦੇ ਸਕਦੇ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਸੀ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਮੁਡ਼ ਹਵਾਈ ਉਡਾਣਾਂ ਸ਼ੁਰੂ ਹੋਣ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਦਾ ਹੱਥ ਸੀ ਅਤੇ ਸ੍ਰ. ਰਵਨੀਤ ਸਿੰਘ ਬਿੱਟੂ ਨੂੰ ਇਸ ਦਾ ਰਾਜਸੀ ਲਾਭ ਨਹੀਂ ਲੈਣਾ ਚਾਹੀਦਾ। ਸ੍ਰ. ਬਿੱਟੂ ਨੇ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੌਖ਼ਲਾਹਟ ਦਾ ਨਾਂਅ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਆਗੂਆਂ, ਜਿਨਾਂ ਦਾ ਆਪਣਾ ਰਿਕਾਰਡ ਕਈ ਹਾਰਾਂ ਵਾਲਾ ਹੈ, ਨੂੰ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣੀ ਪੀਡ਼ੀ ਥੱਲ ਸੋਟਾ ਫੇਰ ਲੈਣਾ ਚਾਹੀਦਾ ਹੈ। ਜੋ ਆਗੂ ਕਦੇ ਖੁਦ ਜਿੱਤ ਕੇ ਵਿਧਾਨ ਸਭਾ ਜਾਂ ਸੰਸਦ ਦੀਆਂ ਪੌਡ਼ੀਆਂ ਨਹੀਂ ਚਡ਼ੇ ਉਹ ਉਨਾਂ (ਬਿੱਟੂ) ਨੂੰ ਕਿਵੇਂ ਸਲਾਹਾਂ ਦੇ ਸਕਦੇ ਹਨ।
ਸ੍ਰ. ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਨੇਤਾਵਾਂ ਦੇ ਰਿਪੋਰਟ ਕਾਰਡ ਨੂੰ ਬਡ਼ੀ ਚੰਗੀ ਤਰਾਂ ਜਾਣਦੇ ਹਨ। ਇਸੇ ਕਰਕੇ ਹੀ ਇਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਤੀਜੇ ਦਰਜੇ ਦੀ ਪਾਰਟੀ ਬਣਾ ਦਿੱਤਾ, ਜਦਕਿ ਕਾਂਗਰਸ ਪਾਰਟੀ ਨੇ ਪੂਰਨ ਬਹੁਮਤ ਹਾਸਿਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ। ਉਨਾਂ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਉਡਾਣਾਂ ਬਹੁਤ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਣੀਆਂ ਸਨ ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਸੰਬੰਧੀ ਲੋਡ਼ੀਂਦਾ ਐਗਰੀਮੈਂਟ ਸਾਈਨ ਕਰਨ ਵਿੱਚ ਹੀ ਉਤਸ਼ਾਹ ਨਹੀਂ ਦਿਖਾਇਆ, ਜਿਸ ਐਗਰੀਮੈਂਟ ਤਹਿਤ ਘਾਟੇ ਵਾਲੀਆਂ ਉਡਾਣਾਂ ਦੇ ਨੁਕਸਾਨ ਦੀ ਜਿੰਮੇਵਾਰੀ ਚੁੱਕੀ ਜਾਣੀ ਸੀ।
ਉਨਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ, ਜਿਸ ਨੇ ਸਾਹਨੇਵਾਲ ਹਵਾਈ ਅੱਡੇ ਦੀਆਂ ਉਡਾਣਾਂ ਬੰਦ ਕਰਵਾ ਕੇ ਬਠਿੰਡੇ ਤੋਂ ਉਡਾਣਾਂ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਪੰਜਾਬ ਵਿੱਚ ਮੁਡ਼ ਕਾਂਗਰਸ ਦੀ ਸਰਕਾਰ ਆਉਣ ‘ਤੇ ਸਾਹਨੇਵਾਲ ਦਾ ਹਵਾਈ ਅੱਡਾ ਮੁਡ਼ ਚਾਲੂ ਕੀਤਾ ਗਿਆ ਹੈ। ਜਿਸ ਲਈ ਅਕਾਲੀ ਦਲ ਨੂੰ ਸ਼ਰਮ ਕਰਨੀ ਚਾਹੀਦੀ ਹੈ। ਉਨਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇਹ ਸੱਚਾਈ ਨੂੰ ਮੰਨ ਲੈਣ ਕਿ ਹੁਣ ਲੋਕਾਂ ਨੇ ਉਨਾਂ ਨੂੰ ਨਕਾਰ ਦਿੱਤਾ ਹੈ ਅਤੇ ਉਨਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।