![]()
1.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਮਾਰਤ ਵਿੱਚ ਸਿਖਿਆਰਥੀਆਂ ਨੂੰ ਸਿਖ਼ਲਾਈ ਦੇ ਨਾਲ-ਨਾਲ ਮਿਲੇਗੀ ਹੋਸਟਲ ਦੀ ਸਹੂਲਤ-ਰਵਨੀਤ ਸਿੰਘ ਬਿੱਟੂ

ਲੁਧਿਆਣਾ, 27 ਅਗਸਤ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਵਿੱਚ ਪੇਂਡੂ ਖੇਤਰ ਦੇ ਬੱਚਿਆਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇਣ ਲਈ ਆਰਸੇਤੀ (ਰੂਰਲ ਸੈੱਲਫ਼ ਇੰਪਲਾਈਮੈਂਟ ਟਰੇਨਿੰਗ ਇੰਸਟੀਚਿਊਟ) ਦੀ ਨਵੀਂ ਇਮਾਰਤ ਸਥਾਨਕ ਦਾਣਾ ਮੰਡੀ, ਇਯਾਲੀ ਖੁਰਦ, ਹੰਬੜਾਂ ਰੋਡ ਵਿਖੇ ਤਿਆਰ ਹੋ ਗਈ ਹੈ, ਜਿਸ ਦਾ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉਦਘਾਟਨ ਕੀਤਾ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਇਸ ਨਵੀਂ ਇਮਾਰਤ ਦੇ ਬਣ ਜਾਣ ਨਾਲ ਇਸ ਇਲਾਕੇ ਦੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ, ਉਨਾਂ ਨੂੰ ਉੱਦਮੀ ਵਜੋਂ ਸਥਾਪਤ ਕਰਨ ਅਤੇ ਨੌਜਵਾਨਾਂ ਨੂੰ ਪੈਰਾਂ ‘ਤੇ ਖੜੇ ਕਰਨ ਵਿੱਚ ਬਹੁਤ ਜਿਆਦਾ ਸਹਿਯੋਗ ਮਿਲੇਗਾ। ਇਥੋਂ ਸਿੱਖਿਆ ਲੈ ਕੇ ਇਹ ਨੌਜਵਾਨ ਹੁਣ ਆਸਾਨੀ ਨਾਲ ਆਪਣਾ ਕੰਮ ਸ਼ੁਰੂ ਕਰਕੇ ਆਪਣੇ ਜੀਵਨ ਨੂੰ ਸੁਨਹਿਰੀ ਕਰ ਸਕਣਗੇ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਹਾਇਕ ਧੰਦਿਆਂ ਨਾਲ ਜੁੜ ਕੇ ਆਪਣੇ ਆਪ ਨੂੰ ਕਾਰੋਬਾਰੀ ਵਜੋਂ ਸਥਾਪਤ ਕਰਕੇ ਵੱਖਰੀ ਪਹਿਚਾਣ ਬਣਾਉਣ।

ਉਨਾਂ ਕਿਹਾ ਕਿ ਇਸ ਇਮਾਰਤ ਵਿੱਚ ਸਿੱਖਿਆਰਥੀਆਂ (ਲੜਕੇ ਅਤੇ ਲੜਕੀਆਂ ਨੂੰ ਅਲੱਗ-ਅਲੱਗ) ਨੂੰ ਰਿਹਾਇਸ਼ ਦੀ ਸਹੂਲਤ ਵੀ ਮਿਲ ਸਕੇਗੀ। ਸਾਲਾਨਾ 400 ਸਿੱਖਿਆਰਥੀ ਇਸ ਸੰਸਥਾ ਤੋਂ ਕਿੱਤਾਮੁੱਖੀ ਸਿੱਖਿਆ ਲੈ ਸਕਣਗੇ। ਜ਼ਿਲਾ ਲੁਧਿਆਣਾ ਵਿੱਚ ਇਹ ਸੰਸਥਾ ਪੰਜਾਬ ਐਂਡ ਸਿੰਧ ਬੈਂਕ ਦੀ ਲੀਡ ਵੱਲੋਂ ਚਲਾਈ ਜਾ ਰਹੀ ਹੈ। ਜਿੱਥੇ ਕਿ 18-45 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਆਚਾਰ, ਜੈਮ, ਮੁਰੱਬੇ ਬਣਾਉਣ ਦੀ ਸਿਖ਼ਲਾਈ ਦੇ ਨਾਲ-ਨਾਲ ਮੋਬਾਈਲ ਰਿਪੇਅਰ ਆਦਿ ਦੀ ਸਿਖ਼ਲਾਈ ਬਿਨਾਂ ਕਿਸੇ ਖਰਚੇ ਦੇ ਲੈ ਸਕਦੇ ਹਨ। ਸਿੱਖਿਆਰਥੀਆਂ ਨੂੰ ਰਿਹਾਇਸ਼, ਖਾਣਾ ਅਤੇ ਆਉਣ ਜਾਣ ਦੀ ਵੀ ਮੁਫਤ ਸਹੂਲਤ ਦਿੱਤੀ ਜਾਂਦੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਨਵੀਂ ਇਮਾਰਤ 1.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ, ਜਿਸ ਵਿੱਚੋਂ ਇੱਕ ਕਰੋੜ ਰੁਪਏ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਦਕਿ ਬਾਕੀ ਰਾਸ਼ੀ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪਾਈ ਗਈ ਹੈ। ਸੰਸਥਾ ਦੀ ਇਸ ਨਵੀਂ ਇਮਾਰਤ ਪੂਰੇ ਸਾਜੋ-ਸਮਾਨ ਨਾਲ ਲੈੱਸ ਕਰ ਦਿੱਤੀ ਗਈ ਹੈ ਅਤੇ ਮਿਤੀ 27 ਅਗਸਤ ਤੋਂ ਇਸ ਸੰਸਥਾ ਵਿੱਚ ਦੋ ਨਵੇਂ ਬੈਚਾਂ ਦੀਆਂ ਜਮਾਤਾਂ ਸ਼ੁਰੂ ਹੋ ਰਹੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜਿਸ ਜਗਾ ‘ਤੇ ਇਹ ਇਮਾਰਤ ਬਣਾਈ ਗਈ ਹੈ, ਉਹ ਜਗਾ ਪੰਜਾਬ ਸਰਕਾਰ ਵੱਲੋਂ ਲੀਜ਼ ‘ਤੇ ਮੁਹੱਈਆ ਕਰਵਾਈ ਗਈ ਹੈ। ਇਸ ਪੂਰੀ ਇਮਾਰਤ ਨੂੰ ਚਲਾਉਣ ‘ਤੇ 1.5 ਕਰੋੜ ਰੁਪਏ ਦਾ ਖਰਚਾ ਆਇਆ ਹੈ। ਵਿਜੇ ਕੁਮਾਰ ਡਾਇਰੈਕਟਰ ਆਰਸੇਟੀ ਲੁਧਿਆਣਾ ਨੇ ਦੱਸਿਆ ਕਿ ਮੌਜੂਦਾ ਸਮੇਂ ਇਸ ਸੰਸਥਾ ਵੱਲੋਂ ਆਰਜੀ ਤੌਰ ‘ਤੇ ਲਈ ਜਗਾ ‘ਤੇ ਸਿੱਖਿਆ ਦਿੱਤੀ ਜਾ ਰਹੀ ਸੀ। ਸੰਸਥਾ ਵੱਲੋਂ ਹੁਣ ਤੱਕ 3133 ਸਿੱਖਿਆਰਥੀਆਂ ਨੂੰ ਕਿੱਤਾਮੁੱਖੀ ਸਿੱਖਿਆ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਅਮੋਲਕ ਸਿੰਘ, ਏ. ਜੀ. ਐੱਮ. ਅਜੀਤ ਸਿੰਘ ਚਾਵਲਾ, ਸੇਵਾਮੁਕਤ ਜ਼ੋਨਲ ਮੈਨੇਜਰ ਵਰਿੰਦਰਜੀਤ ਸਿੰਘ ਵਿਰਕ, ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਰਾਜਿੰਦਰਪਾਲ ਬਾਂਸਲ ਅਤੇ ਹੋਰ ਹਾਜ਼ਰ ਸਨ।