![]()
ਸੁਵਿਧਾ ਸੈਂਟਰ ਇੰਚਾਰਜ ਕਰਨ ਕੁਮਾਰ ਅਤੇ ਸੁਪਰਡੈਂਟ ਸਹੋਤਾ ਤੇ ਲਗੇ ਦਲਾਲਾਂ ਨਾਲ ਸਾਂਠਗਾਂਠ ਦੇ ਦੋਸ਼

ਲੁਧਿਆਣਾ, 12 ਅਗਸਤ (ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੇ ਜੋਨ ਸੀ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਇਕ ਵਿਸ਼ੇਸ਼ ਬੀਤੇ ਦਿਨੀ ਮੀਟਿੰਗ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਅਤੇ ਜੋਨਲ ਕਮਿਸ਼ਨਰ ਸਤਵੰਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਹਿਲਾਂ ਜੂਨ ਮਹੀਨੇ ਵਿਚ ਹੋਈ ਮੀਟਿੰਗ ਵਿਚ ਲਏ ਗਏ ਫੈਸਲਿਆਂ ਤੇ ਕਿੰਨਾ ਕੁ ਅਮਲ ਹੋਇਆ ਹੈ ਤੇ ਵੀ ਵਿਚਾਰ ਕੀਤੀ ਗਈ। ਇਸ ਮੌਕੇ ਤੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਵੀ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਮੀਟਿੰਗ ਵਿਚ ਸੁਵਿਧਾ ਸੈਂਟਰ ਵਿਚ ਸੀਸੀਟੀਵੀ ਕੈਮਰਾਂ ਲਗਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਆਮ ਲੋਕਾਂ ਵਲੋਂ ਫਾਈਲ਼ਾਂ ਕਰਵਾਉਣ ਸਮੇ ਉਨਾਂ ਦੀ ਤਸਵੀਰ ਰਿਕਾਰਡ ਵਿਚ ਰਹਿ ਸਕੇ ਅਤੇ ਉਨਾਂ ਦਾ ਸੰਪਰਕ ਨੰਬਰ ਵੀ ਲਿਆ ਜਾਵੇ ਤਾਂਜੋ ਕਾਗਜਾਂ ਵਿਚ ਕਿਸੇ ਕਿਸਮ ਦੀ ਕਮੀ ਰਹਿ ਗਈ ਹੋਵੇ ਤਾਂ ਉਸ ਨੂੰ ਸੂਚਿਤ ਕੀਤਾ ਜਾ ਸਕੇ। ਇਹ ਵੀ ਆਦੇਸ਼ ਜਾਰੀ ਕੀਤੇ ਗਏ ਕਿ ਟੀ. ਐਸ 1 ਜਾਂ ਨੋ-ਅਬਜੈਕਸ਼ਨ ਪ੍ਰਮਾਣ ਪੱਤਰ ਲੈਣ ਲਈ ਸੁਵਿਧਾ ਸੈਂਟਰ ਵਲੋਂ ਹੀ ਰਿਪੋਰਟ ਕਰਵਾਈ ਜਾਵੇ ਜੇਕਰ ਖਪਤਕਾਰ ਜਾਂ ਕੋਈ ਦਲਾਲ ਫਾਈਲ ਲੈਕੇ ਆਉਂਦਾ ਹੈ ਉਸ ਤੇ ਰਿਪੋਰਟ ਨਾ ਕੀਤੀ ਜਾਵੇ। ਡਿਪਟੀ ਮੇਅਰ ਵਲੋਂ ਆਦੇਸ਼ ਦਿੱਤੇ ਗਏ ਕਿ ਟੀਐਸ 1ਦੀਆਂ 6ਤੋਂ 8 ਮਹੀਨੇ ਪਹਿਲਾਂ ਦੀਆਂ ਫਾਈਲਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਵੱਡੇ ਪਲਾਟਾਂ ਦੀ ਪਾਣੀ ਅਤੇ ਸੀਵਰੇਜ ਦੇ ਬਿਲ ਲੈਣ ਦੀ ਥਾਂ ਉਨਾਂ ਨੂੰ 125 ਵ: ਗਜ ਜਾਂ ਇਸ ਤੋ ਥਲੇ ਦਿੱਖਾ ਕੇ ਬਿਲ ਮਾਫੀ ਵਾਲੀ ਸਕੀਮ ਵਿਚ ਪਾਕੇ ਬਿਲਾਂ ਦੇ ਪੈਸੇ ਮੁਲਾਜਮ ਹੜਪ ਕਰ ਗਏ ਹਨ। ਇਸ ਸੰਬਧੀ ਇਨਕੁਆਰੀ ਕਰਕੇ ਕਥਿਤ ਦੋਸ਼ੀ ਮੁਲਾਜਮਾ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨਾਂ ਜੋਨ ਸੀ ਅਧੀਨ ਚਲ ਰਹੀਆਂ ਮੋਟਰ ਗੱਡੀਆਂ ਦਾ ਵੇਰਵਾ ਵੀ ਮੰਗਿਆ ਕਿ ਕਿਸ ਵਿਭਾਗ ਕੋਲ ਕਿੰਨੀਆਂ ਹਨ, ਉਨਾਂ ਵਿਚ ਕਿੰਨਾ ਡੀਜ਼ਲ ਪੈਂਦਾ ਹੈ ਅਤੇ ਉਹ ਕਿੰਨਾ ਕੰਮ ਕਰਦੀਆਂ ਹਨ। ਉਨਾਂ ਇਹ ਵੀ ਆਦੇਸ਼ ਦਿੱਤੇ ਕਿ ਅਧਿਕਾਰੀ ਜਾਂ ਕਰਮਚਾਰੀ ਫੀਲਡ ਵਿਚ ਜਾਂਦੇ ਸਮੇ ਕਿਸੇ ਹੋਰ ਦੀ ਡਿਊਟੀ ਲਗਾ ਕੇ ਜਾਣ ਤਾਂਜੋ ਆਮ ਲੋਕਾਂ ਨੂੰ ਕੰਮ ਕਰਵਾਉਣ ਵਿਚ ਕਿਸੇ ਕਿਸਮ ਮੁਸ਼ਕਿਲ ਨਾਂ ਆਵੇ। ਉਨਾਂ ਤਹਿਬਜ਼ਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਲਿਖਤੀ ਰੂਪ ਵਿਚ ਦੱਸਣ ਕਿ ਜੋਨ ਸੀ ਦੇ ਅਧਿਕਾਰ ਖੇਤਰ ਵਿਚ ਕਿਨੇ ਨਜਾਇਜ ਕਬਜੇ ਹਨ ਅਤੇ ਕਿਨੀਆ ਸਡ਼ਕਾਂ ਤੇ ਰੇਹੜੀਆਂ ਫਡ਼ੀਆਂ ਹਨ ਤਾਂ ਜੋ ਉਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਠੇਕੇਦਾਰ ਨਵੀਂ ਸੜਕ ਬਣਾਉਣ ਸਮੇ ਸੀਵਰੇਜ ਦੇ ਢੱਕਣ ਆਮ ਤੋਰ ਤੇ ਹੇਠਾਂ ਹੀ ਦਬ ਦਿੰਦੇ ਹਨ ਜਦਕਿ ਉਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਢੱਕਣ ਚੁੱਕਕੇ ਸੜਕ ਬਣਾਉਣ ਇਸ ਲਈ ਠੇਕੇਦਾਰ ਦਾ ਬਿਲ ਪਾਸ ਕਰਨ ਸਮੇ ਓ ਐਂਡ ਐਮ ਸੈਲ ਦੇ ਜੇਈ ਤੋਂ ਇਸ ਸਬੰਧੀ ਰਿਪੋਰਟ ਲਈ ਜਾਵੇ। ਉਨਾਂ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਮੇਅਰ ਦੇ ਆਦੇਸ਼ਾ ਤੇ 70 ਗਜ ਤੱਕ ਦੇ ਮਕਾਨ ਬਣਾਉਣ ਵਾਲੇ ਗਰੀਬ ਲੋਕਾਂ ਨੂੰ ਛੁਟ ਦੇਣ ਦੀ ਗਲ ਆਖੀ। ਮੀਟਿੰਗ ਵਿਚ ਸੁਪਰਡੈਂਟ ਸਹੋਤਾ ਅਤੇ ਸੁਵਿਧਾ ਸੈਂਟਰ ਇੰਚਾਰਜ ਕਰਨ ਕੁਮਾਰ ਕੋਲ ਦਲਾਲ ਕਿਸਮ ਦੇ ਲੋਕਾਂ ਦਾ ਆਮ ਆਉਣਾ ਜਾਣਾ ਅਤੇ ਉਨਾਂ ਦੇ ਦਫਤਰ ਵਿਚ ਬੈਠਣ ਦਾ ਮੁੱਦਾ ਵੀ ਗਰਮਾਇਆ ਅਤੇ ਇਸ ਸਬੰਧੀ ਸਬੂਤ ਹੋਣ ਦੀਆਂ ਗਲਾਂ ਵੀ ਚਲੀਆਂ ਤੇ ਇਨਾਂ ਖਿਲਾਫ ਵਿਭਾਗੀ ਕਾਰਵਾਈ ਦੀ ਮੰਗ ਵੀ ਉਠੀ। ਕਲਰਕ ਨੇਹਾ ਦੇ ਵੀ ਸੁਪਰਡੈਂਟ ਵਰਮਾ ਦੇ ਕਮਰੇ ਵਿਚ ਹੀ ਹਰ ਸਮੇਂ ਬੈਠੇ ਰਹਿਣ ਦੀ ਵੀ ਚਰਚਾ ਚਲੀ। ਇਸ ਮੀਟਿੰਗ ਵਿਚ ਜੋਨਲ ਕਮਿਸ਼ਨਰ ਸਤਵੰਤ ਸਿੰਘ ਨੇ ਵਿਸ਼ਵਾਸ਼ ਦੁਆਇਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਜੋਨ ਸੀ ਦੇ ਸਾਰੇ ਸਿਸਟਮ ਵਿਚ ਸੁਧਾਰ ਲਿਆਂਦਾ ਜਾਵੇਗਾ। ਇਸ ਮੌਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ, ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਦੁਆਬੀਆ, ਪੀਏ ਗੁਰਨਾਮ ਸਿੰਘ ਹੀਰਾ, ਰਾਮ ਲਾਲ, ਜਰਨੈਲ ਸਿੰਘ ਸੰਧੂ, ਬਲਾਕ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਛਿੰਦਾ, ਐਕਸਈਐਨ ਹਰਮੇਸ਼ ਲਾਲ, ਸੁਪਰਡੈਟ ਮਿਸਟਰ ਵਰਮਾ ਅਤੇ ਮਿਸਟਰ ਗੋਇਲ, ਏਟੀਪੀ ਹਰਵਿੰਦਰ ਸਿੰਘ ਸੋਨੀ, ਇੰਸਪੈਕਟਰ ਮਨਪ੍ਰੀਤ ਕੋਰ, ਸ਼ਿਵਾਨੀ ਗੁਪਤਾ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।