ਪਿੰਡ ਮਾਣਕਵਾਲ ਵਾਸੀਆਂ ਨੇ ਕੀਤਾ ‘ਨਸ਼ਾ ਮੁਕਤ ਪਿੰਡ’ ਹੋਣ ਦਾ ਦਾਅਵਾ

Loading

 

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਵਧਾਈ ਦੇਣ ਪੁੱਜੇ

ਲੁਧਿਆਣਾ, 28 ਜੁਲਾਈ ( ਸਤ ਪਾਲ ਸੋਨੀ ) :  ਅੱਜ ਪੰਜਾਬ ਜਿਸ ਤਰਾਂ ਨਸ਼ੇ ਦੀ ਅੱਗ ਵਿੱਚ ਝੁਲਸ ਰਿਹਾ ਹੈ, ਉਸ ਸਮੇਂ ਪਿੰਡ ਮਾਣਕਵਾਲ ਤੋਂ ਆਈ ਨਗਰ ਦੇ ਹਰ ਘਰ ਦੇ ਨਸ਼ਾ ਮੁਕਤ ਹੋਣ ਦੀ ਖ਼ਬਰ ਠੰਡੀ ਹਵਾ ਦੇ ਝੋਕੇ ਵਾਂਗ ਹੈ। ਇਸ ਉੱਦਮ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਮਾਣਕਵਾਲ ਦੇ ਨਿਵਾਸੀ ਅਤੇ ਨਗਰ ਪੰਚਾਇਤ ਵਧਾਈ ਦੇ ਪਾਤਰ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਨੇ ਅੱਜ ਪਿੰਡ ਮਾਣਕਵਾਲ ਵਿਖੇ ਹੋਏ ਇਕ ਸਮਾਗਮ ਦੌਰਾਨ ਕੀਤਾ। ਸ੍ਰ. ਬਿੱਟੂ ਪਿੰਡ ਵਾਸੀਆਂ ਵੱਲੋਂ ਕੀਤੇ ਪਿੰਡ ਦੇ ਨਸ਼ਾ ਮੁਕਤ ਹੋਣ ਦੇ ਦਾਅਵੇ ਉਪਰੰਤ ਨਗਰ ਨਿਵਾਸੀਆਂ ਨੂੰ ਉਨਾਂ  ਦੇ ਇਸ ਉੱਦਮ ਲਈ ਵਧਾਈ ਦੇਣ ਲਈ ਪੁੱਜੇ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਨਸ਼ਾ ਮੁਕਤ ਹੋਣ ਦੀ ਤਸਦੀਕ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਸਿਵਲ ਸਰਜਨ ਲੁਧਿਆਣਾ ਨੂੰ ਬੇਨਤੀ ਕਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ ਸੀ ਅਤੇ ਹਰ ਤਰਾਂ ਨਾਲ ਜਾਂਚ ਕਰਨ ਤੋਂ ਬਾਅਦ ਵਿਭਾਗ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ ਸੀ।ਜਿਸ ਤੋਂ ਬਾਅਦ ਅੱਜ ਸ: ਬਿੱਟੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਪਿੰਡ ਵਾਸੀਆਂ ਦਾ ਹੌਸਲਾ ਵਧਾਉਣ ਉਚੇਚੇ ਤੌਰ ‘ਤੇ ਪੁੱਜੇ। ਇਸ ਮੌਕੇ ਬੋਲਦਿਆਂ ਵਿਧਾਇਕ ਵੈਦ ਨੇ ਵੀ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਪਿੰਡ ਦੇ ਵਿਕਾਸ ਕੰਮਾਂ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਕੰਵਰ ਹਰਪ੍ਰੀਤ ਸਿੰਘ ਚੇਅਰਮੈਨ ਜਨ ਕਲਿਆਣ ਅਤੇ ਪ੍ਰਚਾਰ ਸੈੱਲ (ਪੰਜਾਬ ਪ੍ਰਦੇਸ਼ ਕਾਂਗਰਸ) ਨੇ ਕਿਹਾ ਕਿ ਆਪਣੇ ਵੱਡੇ ਵਡੇਰਿਆਂ ਅਤੇ ਬਜ਼ੁਰਗਾਂ ਦੀ ਪ੍ਰੇਰਨਾ ਸਦਕਾ ਅਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਾਹਨਤ ਤੋਂ ਰਹਿਤ ਰੱਖਣ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਉਤਸ਼ਾਹਿਤ ਕਰਨ ਵਿਚ ਕਾਮਯਾਬ ਹੋਏ ਹਾਂ। ਸਮਾਗਮ ਦੌਰਾਨ ਬੋਲਦਿਆਂ ਪਿੰਡ ਦੇ ਸਰਪੰਚ ਗੁਰਚੇਤ ਸਿੰਘ ਨੇ ਪਿੰਡ ਦੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ, ਖਿਡਾਰੀਆਂ ਅਤੇ ਪਿੰਡ ਵਾਸੀਆਂ ਦੀਆਂ ਹੋਰ ਮੰਗਾਂ ਨੂੰ ਸ. ਬਿੱਟੂ ਦੇ ਸਾਹਮਣੇ ਰੱਖਿਆ।

ਇਸ ਮੌਕੇ ਸ੍ਰ. ਬਿੱਟੂ ਨੇ ਪਿੰਡ ਦੀ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਅਤੇ ਸਨਮਾਨ ਪੱਤਰ ਦੇ ਕੇ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਉੱਦਮ ਦੀ ਸ਼ਲਾਘਾ ਕੀਤੀ। ਉਨਾਂ  ਪੰਜ ਲੱਖ ਰੁਪਏ ਦੀ ਗਰਾਂਟ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੇ ਵਿਕਾਸ ਲਈ ਜਾਰੀ ਕੀਤੀ ਅਤੇ ਪਿੰਡ ਦੇ ਹੈਲਥ ਕਲੱਬ ਅਤੇ ਪਿੰਡ ਦੇ ਵਿਕਾਸ ਦੇ ਹੋਰ ਕੰਮਾਂ ਲਈ ਹੋਰ ਵੀ ਫੰਡ ਦੇਣ ਦਾ ਐਲਾਨ ਕੀਤਾ।ਇਸ ਦੇ ਨਾਲ ਉਨਾਂ  ਪਿੰਡ ਵਿੱਚ ਓਪਨ ਜਿੰਮ ਸਥਾਪਤ ਕਰਨ ਦੀ ਘੋਸ਼ਣਾ ਵੀ ਕੀਤੀ। ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸ. ਗੁਰਦੇਵ ਸਿੰਘ ਲਾਪਰਾਂ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਅਤੇ ਪੰਜਾਬ ਕਾਂਗਰਸ ਦੇ ਸਕੱਤਰ ਸ. ਮਨਜੀਤ ਸਿੰਘ ਹੰਬਡ਼ਾਂ ਨੇ ਵੀ ਸੰਬੋਧਨ ਕੀਤਾ ਅਤੇ ਨਗਰ ਨਿਵਾਸੀਆਂ ਦੇ ਉਤਸ਼ਾਹ ਵਿੱਚ ਵਾਧਾ ਕੀਤਾ।

22820cookie-checkਪਿੰਡ ਮਾਣਕਵਾਲ ਵਾਸੀਆਂ ਨੇ ਕੀਤਾ ‘ਨਸ਼ਾ ਮੁਕਤ ਪਿੰਡ’ ਹੋਣ ਦਾ ਦਾਅਵਾ

Leave a Reply

Your email address will not be published. Required fields are marked *

error: Content is protected !!