![]()
ਨਸ਼ੇ ਦੀ ਜੜ ਖ਼ਤਮ ਕਰਨ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਦੁਹਰਾਈ

ਦੋਰਾਹਾ, 20 ਜੁਲਾਈ ( ਸਤ ਪਾਲ ਸੋਨੀ ) : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਸੁਰੇਸ਼ ਅਰੋੜਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਵੇਂ ਉਨਾਂ ਨੇ ਸੂਬੇ ਵਿੱਚੋਂ ‘ਅੱਤਵਾਦ’ ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਦਾ ਸਹਿਯੋਗ ਕੀਤਾ ਸੀ, ਉਵੇਂ ਹੀ ‘ਨਸ਼ੇ’ ਨੂੰ ਖ਼ਤਮ ਕਰਨ ਲਈ ਵੀ ਉਹ ਅੱਗੇ ਆ ਕੇ ਸਹਿਯੋਗ ਕਰਨ। ਉਨਾਂ ਵਚਨਬੱਧਤਾ ਪ੍ਰਗਟਾਈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਹਰ ਯਤਨ ਕੀਤਾ ਜਾਵੇਗਾ।
ਅੱੱਜ ਸਥਾਨਕ ਹੈਵੈਨਲੀ ਪੈਲੇਸ ਵਿਖੇ ਪੁਲਿਸ ਜ਼ਿਲਾ ਖੰਨਾ ਵੱਲੋਂ ਨਸ਼ਿਆਂ ਖ਼ਿਲਾਫ਼ ਕਰਵਾਏ ਗਏ ਜਾਗਰੂਕਤਾ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਇੱਕ ਬਦਲਾਅ ਦੀ ਸਥਿਤੀ ਵਿੱਚ ਗੁਜ਼ਰ ਰਿਹਾ ਹੈ। ਇਸ ਹਾਂ-ਪੱਖੀ ਬਦਲਾਅ ਦੌਰਾਨ ਪੰਜਾਬ ਦੇ ਉਹ ਵਿਅਕਤੀ ਜੋ ਕਿ ਕਿਸੇ ਨਾ ਕਿਸੇ ਕਾਰਨ ਵੱਸ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਸਨ, ਉਹ ਮੁੜ ਸਿਹਤਮੰਦ ਸਮਾਜ ਦਾ ਹਿੱਸਾ ਬਣਨ ਲਈ ਅੱਗੇ ਆਉਣ ਲੱਗੇ ਹਨ। ਉਨਾਂ ਉਦਾਹਰਨ ਦਿੰਦਿਆਂ ਕਿਹਾ ਕਿ ਅੱੱਤਵਾਦ ਦੇ ਦੌਰ ਦੌਰਾਨ ਪੰਜਾਬ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਸੂਬੇ ਵਿੱਚ ਅੱਤਵਾਦ ਜੜੋਂ ਖ਼ਤਮ ਹੋ ਗਿਆ। ਜੇਕਰ ਲੋਕ ਹੁਣ ਵੀ ਪੂਰੀ ਦ੍ਰਿੜਤਾ ਨਾਲ ਪੁਲਿਸ ਨੂੰ ਨਸ਼ੇ ਨਾਲ ਸੰਬੰਧਤ ਗਤੀਵਿਧੀਆਂ ਬਾਰੇ ਸੂਚਨਾ ਦੇ ਕੇ ਸਹਿਯੋਗ ਕਰਨ ਤਾਂ ਬੜੀ ਜਲਦ ਸੂਬੇ ਵਿੱਚੋਂ ਨਸ਼ੇ ਦੀ ਵੀ ਜੜ ਖ਼ਤਮ ਕਰ ਦਿੱਤੀ ਜਾਵੇਗੀ।
ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾਮੁਕਤੀ ਮੁਹਿੰਮ ਤਹਿਤ ਜੋ ਵੀ ਵਿਅਕਤੀ ਨਸ਼ਾ ਛੱਡਣ ਲਈ ਖੁਦ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚਣਗੇ, ਉਨਾਂ ਖ਼ਿਲਾਫ਼ ਕੋਈ ਵੀ ਉਲਟ ਕਾਰਵਾਈ ਨਹੀਂ ਕੀਤੀ ਜਾਵੇਗੀ, ਸਗੋਂ ਅਜਿਹੇ ਵਿਅਕਤੀਆਂ ਨੂੰ ਸਿਹਤਮੰਦ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਮਾਹੌਲ ਬਣ ਗਿਆ ਹੈ, ਜਿਸ ਨੂੰ ਲੋਕਾਂ ਦਾ ਵੀ ਸਹਿਯੋਗ ਮਿਲਣ ਲੱਗਾ ਹੈ। ਨਤੀਜਤਨ ਨਸ਼ੇ ਦੇ ਆਦੀ ਵਿਅਕਤੀ ਨਸ਼ਾ ਛੱਡਣ ਲਈ ਖੁਦ-ਬ-ਖੁਦ ਅੱਗੇ ਆਉਣ ਲੱਗੇ ਹਨ। ਉਨਾਂ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਹਾਂ-ਪੱਖੀ ਬਦਲਾਅ ਦੇ ਦੌਰ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਉਨਾਂ ਵਿੱਚ ਪੁਲਿਸ ਦੀ ਵਿਸ਼ਵਾਸ਼ ਬਹਾਲੀ ਅਤੇ ਮਜ਼ਬੂਤੀ ਲਈ ਹੋਰ ਯਤਨ ਕਰਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਫੜੇ ਦੋਸ਼ੀਆਂ ਦੀਆਂ 220 ਕਰੋੜ ਰੁਪਏ ਦੀਆਂ ਜਾਇਦਾਦਾਂ ਸਰਕਾਰ ਨਾਲ ਅਟੈਚ ਕਰਵਾਈਆਂ ਗਈਆਂ ਹਨ, ਇਹ ਸਾਰੀ ਰਾਸ਼ੀ ਭਾਰਤ ਸਰਕਾਰ ਨੂੰ ਜਾਂਦੀ ਹੈ। ਜੇਕਰ ਇਸ ਰਾਸ਼ੀ ਵਿੱਚੋਂ ਬਣਦੀ ਯੋਗ ਰਾਸ਼ੀ ਸੂਬਾ ਸਰਕਾਰ ਨੂੰ ਮਿਲਣ ਲੱਗੇ ਤਾਂ ਇਸ ਨਾਲ ਸੂਬੇ ਵਿੱਚੋਂ ਨਸ਼ੇ ਨੂੰ ਪੂਰੀ ਤਰਾਂ ਖ਼ਤਮ ਕਰਨ ਦੇ ਨਾਲ-ਨਾਲ ਨਸ਼ਾ ਛੱਡਣ ਵਾਲਿਆਂ ਦਾ ਚੰਗੇ ਤਰੀਕੇ ਨਾਲ ਪੁਨਰਵਾਸ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਖੰਨਾ ਪੁਲਿਸ ਅਧੀਨ ਪੈਂਦੇ ਇਲਾਕੇ ਦੇ ਨਸ਼ਾ ਛੱਡਣ ਵਾਲੇ ਦੋ ਨੌਜਵਾਨਾਂ ਨੇ ਵੀ ਸੰਬੋਧਨ ਕੀਤਾ ਅਤੇ ਸੁਨੇਹਾ ਦਿੱਤਾ ਕਿ ਜੇਕਰ ਮਨ ਵਿੱਚ ਕੋਈ ਕੰਮ ਧਾਰ ਲਿਆ ਜਾਵੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ। ਉਨਾਂ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਤੰਦਰੁਸਤ ਸਮਾਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਲਖ਼ਬੀਰ ਸਿੰਘ ਲੱਖਾ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਵੇਰਵਾ ਪੇਸ਼ ਕਰਦਿਆਂ ਉਨਾਂ ਪਰਿਵਾਰਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਿਨਾਂ ਦੇ ਪਰਿਵਾਰਕ ਮੈਂਬਰ ਇਸ ਬਿਮਾਰੀ ਤੋਂ ਪੀੜਤ ਹਨ, ਉਨਾਂ ਕਿਹਾ ਕਿ ਉਹ ਅੱਗੇ ਆਉਣ ਦਾ ਹੌਂਸਲਾ ਕਰਨ ਪੰਜਾਬ ਸਰਕਾਰ ਉਨਾਂ ਦਾ ਹਰ ਤਰਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡੀ. ਆਈ. ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲਾ ਪੁਲਿਸ ਮੁੱਖੀ ਧਰੁਵ ਦਹੀਆ ਅਤੇ ਕੌਂਸਲਰ ਮਿਸ ਰਵੀ ਨੇ ਵੀ ਸੰਬੋਧਨ ਕੀਤਾ।

ਸਮਾਗਮ ਦੌਰਾਨ ਨਸ਼ਿਆਂ ਖ਼ਿਲਾਫ ਮੁਹਿੰਮ ਵਿੱਚ ਅਣਥੱਕ ਸੇਵਾ ਨਿਭਾਉਣ ਵਾਲੇ ਖੰਨਾ ਪੁਲਿਸ ਦੇ ਇੰਸਪੈਕਟਰ ਗੁਰਮੇਲ ਸਿੰਘ, ਇੰਸਪੈਕਟਰ ਮਨਜੀਤ ਸਿੰਘ, ਇੰਸਪੈਕਟਰ ਹਰਦੀਪ ਸਿੰਘ, ਸਹਾਇਕ ਥਾਣੇਦਾਰ ਬਲਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਾਇਰੈਕਟਰ ਜਨਰਲ ਪੁਲਿਸ (ਅਮਨ ਕਾਨੂੰਨ) ਈਸ਼ਵਰ ਸਿੰਘ, ਜ਼ਿਲਾ ਪੁਲਿਸ ਮੁੱਖੀ ਸ਼ਹੀਦ ਭਗਤ ਸਿੰਘ ਨਗਰ ਦੀਪਕ ਹਿਲੋਰੀ, ਜ਼ਿਲਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਵਰਿੰਦਰ ਸਿੰਘ ਬਰਾੜ, ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਹੋਰ ਹਾਜ਼ਰ ਸਨ।