ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਅਤੇ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ-ਪਸ਼ੂ ਪਾਲਣ ਮੰਤਰੀ

Loading

ਵੈਟਰਨਰੀ ਯੂਨੀਵਰਸਿਟੀ ਵਿਖੇ ਐਂਟੀਬਾਇਟਿਕ ਪ੍ਰਤੀਰੋਧਕ ਸਮਰੱਥਾ ਦੇ ਮੁੱਦੇ ‘ਤੇ ਅੰਤਰ-ਰਾਸ਼ਟਰੀ ਕਾਰਜਸ਼ਾਲਾ ਆਰੰਭ

ਲੁਧਿਆਣਾ, 10 ਜੁਲਾਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਵਿਭਾਗਾਂ ਦੇ ਕੈਬਨਿਟ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿੱਚ ਪਸ਼ੂ ਪਾਲਣ ਕਿੱਤੇ ਅਤੇ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਚਨਬੱਧਤਾ ਪ੍ਰਗਟਾਈ ਹੈ। ਉਹ ਅੱਜ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿਖੇ ‘ਐਂਟੀਮਾਈਕਰੋਬਾਇਲ ਰਜਿਸਟੈਂਸ ਐਂਡ ਸਟਰੈਟੇਜੀਜ਼ ਫਾਰ ਇਟਸ ਮਿਟੀਗੇਸ਼ਨ’ (ਐਂਟੀਬਾਇਟਿਕ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਕਾਰਣ ਹੁੰਦੇ ਨੁਕਸਾਨ ਨੂੰ ਘਟਾਉਣ ਸੰਬੰਧੀ ਨੀਤੀਆਂ) ਵਿਸ਼ੇ ‘ਤੇ ਸ਼ੁਰੂ ਹੋਈ 4 ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਨਾਲ ਕਿਸਾਨਾਂ ਨੂੰ ਜੋਡ਼ਨ ‘ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਇਨਾਂ ਧੰਦਿਆਂ ਨਾਲ ਜੁਡ਼ ਕੇ ਸੋਹਣੀ ਕਮਾਈ ਕਰਨ ਅਤੇ ਫਸਲੀ ਵਿੰਭਿੰਨਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਪੰਜਾਬ ਸਰਕਾਰ ਦਾ ਸਾਥ ਦੇਣ।

ਸ੍ਰ. ਸਿੱਧੂ ਨੇ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੇ ਸਮਾਜ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਐਂਟੀਬਾਇਟਿਕ ਦਵਾਈਆਂ ਦੀ ਵਧੇਰੇ ਵਰਤੋਂ ਜਾਂ ਗ਼ਲਤ ਵਰਤੋਂ ਨਾਲ ਜਿਥੇ ਪਸ਼ੂਆਂ ‘ਤੇ ਬਹੁਤ ਮਾਡ਼ਾ ਪ੍ਰਭਾਵ ਪੈ ਰਿਹਾ ਹੈ ਉਥੇ ਮਨੁੱਖੀ ਸਿਹਤ ਲਈ ਵੀ ਇਹ ਨੁਕਸਾਨਦਾਈ ਹੈ। ਉਨਾਂ ਨੇ ਵਿਗਿਆਨੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ। ਇਸ ਕਾਰਜਸ਼ਾਲਾ ਵਿਚ 55 ਖੋਜਕਾਰ ਹਿੱਸਾ ਲੈ ਰਹੇ ਹਨ, ਜਿਨਾਂ ਵਿੱਚੋਂ 18 ਖੋਜੀ 15 ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਹਨ।

ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ ਨੇ ਕਿਹਾ ਕਿ ਬਿਮਾਰੀਆਂ ‘ਤੇ ਕਾਬੂ ਨਾ ਪਾਏ ਜਾਣ ਦੀ ਸੂਰਤ ਵਿਚ ਬਹੁਤ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਅੰਤਰ-ਦੇਸੀ ਇਲਾਜ ਢਾਂਚਾ ਵੀ ਬੁਰੀ ਤਰਾਂ ਪ੍ਰਭਾਵਿਤ ਹੁੰਦਾ ਹੈ। ਉਨਾਂ ਜਾਣਕਾਰੀ ਦਿੱਤੀ ਕਿ ਇਹ ਕਿਸੇ ਇਕੱਲੇ ਮੁਲਕ ਦਾ ਮਸਲਾ ਨਹੀਂ ਬਲਕਿ ਪੂਰੇ ਵਿਸ਼ਵ ਲਈ ਚੁਣੌਤੀ ਹੈ।

ਡਾ. ਅਰੁਣ ਕੁਲਸ਼੍ਰੇਸ਼ਠ, ਮਹਾਂਨਿਰਦੇਸ਼ਕ ਸਾਇੰਸ ਅਤੇ ਤਕਾਨਲੋਜੀ ਸੈਂਟਰ, ਨਵੀਂ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਐਂਟੀਬਾਇਟਿਕ ਪ੍ਰਤੀਰੋਧਕ ਸਮੱਸਿਆ ਬਹੁਤ ਖਤਰਨਾਕ ਢੰਗ ਨਾਲ ਵਧ ਰਹੀ ਹੈ ਅਤੇ ਵਿਕਾਸਸ਼ੀਲ ਦੇਸ਼ਾਂ ‘ਤੇ ਇਸ ਦਾ ਜ਼ਿਆਦਾ ਅਸਰ ਪੈ ਰਿਹਾ ਹੈ। ਉਨਾਂ ਆਸ ਪ੍ਰਗਟਾਈ ਕਿ ਇਹ ਕਾਰਜਸ਼ਾਲਾ ਚੰਗੇ ਅਤੇ ਕਾਰਗਰ ਉਪਾਅ ਲੱਭਣ ਵਾਲੇ ਪਾਸੇ ਇਕ ਕਦਮ ਹੋਰ ਵਧਾਏਗੀ। ਉਨਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਉਨਾਂ ਦਾ ਸੰਸਥਾਨ ਖੋਜ ਲਈ ਵਿਭਿੰਨ ਮੁਲਕਾਂ ਦੇ ਖੋਜੀਆਂ ਨੂੰ ਵਿਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ।

ਕਾਰਜਸ਼ਾਲਾ ਦੇ ਪ੍ਰਬੰਧਕੀ ਸਕੱਤਰ, ਡਾ. ਤੇਜਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੱਤੀ ਕਿ ਨਾਮਵਰ ਸੰਸਥਾਵਾਂ ਜਿਵੇਂ ਪੀ ਜੀ ਆਈ ਚੰਡੀਗਡ਼, ਦਯਾਨੰਦ ਮੈਡੀਕਲ ਕਾਲਜ ਲੁਧਿਆਣਾ, ਬਿਹਾਰ ਵੈਟਨਰੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਇਸ ਕਾਰਜਸ਼ਾਲਾ ਦੌਰਾਨ ਐਂਟੀਬਾਇਟਿਕ ਪ੍ਰਤੀਰੋਧਕ ਸਮੱਸਿਆਵਾਂ ਸੰਬੰਧੀ ਲੈਕਚਰ ਦੇਣਗੇ ਅਤੇ ਇਸ ਦੇ ਨੁਕਸਾਨ ਨੂੰ ਘਟਾਉਣ ਸੰਬੰਧੀ ਵਿਚਾਰ ਰੱਖਣਗੇ।

ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵੀ ਇਸ ਮੁੱਦੇ ਦੇ ਵਰਤਮਾਨ ਪਹਿਲੂਆਂ ਸੰਬੰਧੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪਰਿਪੇਖ ਤੋਂ ਗੱਲ ਕੀਤੀ। ਕਾਰਜਸ਼ਾਲਾ ਦੇ ਸੰਯੋਜਕ, ਡਾ. ਏ ਕੇ ਅਰੋਡ਼ਾ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਇਸ ਖੇਤਰ ਵਿਚ ਚੰਗਾ ਨਿੱਗਰ ਖੋਜ ਕਾਰਜ ਕਰ ਰਹੀ ਹੈ ਜਿਸ ਦੇ ਬਡ਼ੇ ਹਾਂ-ਪੱਖੀ ਨਤੀਜੇ ਮਿਲ ਰਹੇ ਹਨ। ਇਸ ਮੌਕੇ  ਸਿੱਧੂ ਨੇ ਨਿੱਜੀ ਸਕੱਤਰ  ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

21720cookie-checkਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਅਤੇ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ-ਪਸ਼ੂ ਪਾਲਣ ਮੰਤਰੀ

Leave a Reply

Your email address will not be published. Required fields are marked *

error: Content is protected !!