ਡਿਪਟੀ ਕਮਿਸ਼ਨਰ ਵੱਲੋਂ ਹੜ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ

Loading

-ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ
ਲੁਧਿਆਣਾ, 21 ਜੂਨ ( ਸਤ ਪਾਲ ਸੋਨੀ ) : ਆਗਾਮੀ ਮੌਨਸੂਨ ਸੀਜ਼ਨ ਦੌਰਾਨ ਅਗਾਂਊ ਹੜ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸੀਨੀਅਰ ਅਧਿਕਾਰੀਆਂ ਨਾਲ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਕੀਤੀ ਅਤੇ ਸੰਬੰਧਤ ਹਦਾਇਤਾਂ ਜਾਰੀ ਕੀਤੀਆਂ। ਫੈਸਲਾ ਕੀਤਾ ਗਿਆ ਕਿ ਹੜ ਰੋਕਥਾਮ ਪ੍ਰਬੰਧਾਂ ਵਿੱਚ ਆਪਸੀ ਤਾਲਮੇਲ ਬਣਾਉਣ ਅਤੇ ਸਮੁੱਚੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਲਈ ਇੱਕ ‘ਵਟਸਐਪ ਗਰੁੱਪ’ ਬਣਾਇਆ ਜਾਵੇਗਾ।ਅਗਰਵਾਲ ਨੇ ਕਿਹਾ ਕਿ ਹੜ ਰੋਕਥਾਮ ਪ੍ਰਬੰਧਾਂ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਨਿਪਟਣ ਮੌਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਦਿਖਾਈ ਗਈ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਗਰਵਾਲ ਨੇ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਇਸ ਵਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਜਿਸਨੂੰ ਮੱਦੇਨਜ਼ਰ ਰੱਖਦਿਆਂ ਕਿਸੇ ਵੀ ਹੰਗਾਮੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲਾ ਪ੍ਰਸਾਸ਼ਨ ਨੂੰ ਪੂਰੀ ਤਰਾਂ ਤਿਆਰ ਰਹਿਣਾ ਚਾਹੀਦਾ ਹੈ। ਵੱਖ-ਵੱਖ ਅਧਿਕਾਰੀਆਂ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਸਾਰੇ ਵਿਭਾਗਾਂ ਨੇ ਆਪਣੇ-ਆਪਣੇ ਪੱਧਰ ‘ਤੇ ਪ੍ਰਬੰਧ ਮੁਕੰਮਲ ਕਰਨੇ ਸ਼ੁਰੂ ਕੀਤੇ ਹੋਏ ਹਨ। ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਹੋਰ ਬੇਹਤਰ ਬਣਾਉਣ ਅਤੇ ਸਮੁੱਚੇ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇ ਤਾਂ ਜੋ ਸਾਰੇ ਅਧਿਕਾਰੀ ਇਸ ਵਿੱਚ ਆਪਣੀ ਸਮੇਂ-ਸਮੇਂ ‘ਤੇ ਰਿਪੋਰਟ ਪਾ ਸਕਣ। ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਸੀ ਸੰਪਰਕ ਨੰਬਰ ਸਾਂਝੇ ਕਰ ਲੈਣ।
ਉਨਾਂ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਇੱਕ-ਇੱਕ ਵਾਹਨ ਵਿੱਚ ਵਾਇਰਲੈੱਸ ਪਬਲਿਕ ਐੱਡਰੈੱਸ ਸਿਸਟਮ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਹੰਗਾਮੀ ਸਥਿਤੀ ਮੌਕੇ ਲੋਕਾਂ ਤੱਕ ਸਪੀਕਰ ਰਾਹੀਂ ਸੁਨੇਹਾ ਪਹੁੰਚਾਇਆ ਜਾ ਸਕੇ। ਉਨਾਂ ਐੱਨ. ਡੀ. ਆਰ. ਐੱਫ. ਅਤੇ ਭਾਰਤੀ ਫੌਜ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਸਿਵਲ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਪਹਿਲਾਂ ਹੀ ਦੌਰਾ ਕਰ ਲੈਣ ਤਾਂ ਜੋ ਲੋੜ ਪੈਣ ‘ਤੇ ਕਾਰਵਾਈ ਕਰਨ ਵਿੱਚ ਕਿਸੇ ਵੀ ਤਰਾਂ ਦੀ ਦੁਬਿਧਾ ਨਾ ਰਹੇ।
ਹਰ ਤਰਾਂ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਕੁਝ ਹਦਾਇਤਾਂ ਜਾਰੀ ਕਰਦਿਆਂ ਅਗਰਵਾਲ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਗਲੇ ਹੁਕਮਾਂ ਤੱਕ ਬਿਨਾਂ ਉਨਾਂ ਦੀ ਪੂਰਵ ਪ੍ਰਵਾਨਗੀ ਤੋਂ ਹੈਡ ਕੁਆਰਟਰ (ਸਟੇਸ਼ਨ) ਨਹੀਂ ਛੱਡਣਗੇ ਅਤੇ ਇਸ ਦੇ ਨਾਲ ਨਾਲ ਆਪਣਾ ਮੋਬਾਇਲ ਫੋਨ ਵੀ 24 ਘੰਟੇ ਖੁੱਲੇ ਰੱਖਣਗੇ। ਸਾਰੇ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰ/ਡੀ.ਆਰ.ਓ. ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਤਹਿਸੀਲ ਹੈੱਡ ਕੁਆਰਟਰਾਂ ਵਿੱਚ ਸਥਾਪਤ ਫਲੱਡ ਕੰਟਰੋਲ ਰੂਮ ਸਹੀ ਕੰਮ ਕਰਦੇ ਹੋਣ। ਇਸ ਤੋਂ ਇਲਾਵਾ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਕੰਟਰੋਲ ਰੂਮ ਦੇ ਨੰਬਰ ਚਾਲੂ ਹੋਣ ਅਤੇ ਜਿਹਨਾਂ ਕਰਮਚਾਰੀਆਂ ਦੀ ਡਿਊਟੀ ਲੱਗੀ ਹੈ ਉਹ ਸਮੇਂ ਸਿਰ ਹਾਜ਼ਰ ਹੋ ਕੇ ਪੂਰੀ ਡਿਊਟੀ ਦੇਣ।
ਕਾਰਜਕਾਰੀ ਇੰਜੀਨੀਅਰ, ਡਰੇਨਜ, ਲੁਧਿਆਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਫਲੱਡ ਇੰਸਪੈਕਸਨ ਦੌਰਾਨ ਚੈੱਕ ਕੀਤੇ ਜਾਂਦੇ ਸਾਰੇ ਪੁਆਇੰਟਸ ਦਾ ਵਿਸ਼ੇਸ਼ ਤੌਰ ‘ਤੇ ਖਿਆਲ ਰੱਖਣਗੇ ਅਤੇ ਫਲੱਡ ਦੇਖਦੇ ਹੋਏ ਕੋਈ ਵੀ ਤੁਰੰਤ ਐਕਸ਼ਨ ਦੀ ਲੋੜ ਹੋਵੇ, ਉਹ ਲਿਆ ਜਾਵੇ। ਇਸ ਤੋਂ ਇਲਾਵਾ ਸੰਵੇਦਨਸ਼ੀਲ ਪੁਆਇੰਟਸ ਚੈੱਕ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸਤਲੁੱਜ ਦਰਿਆ ਉੱਪਰ 24 ਘੰਟੇ ਨਜ਼ਰ ਰੱਖੀ ਜਾਵੇਗੀ ਅਤੇ ਸਮੇਂ-ਸਮੇਂ ‘ਤੇ ਸੂਚਨਾ ਦੇਣ ਦੀ ਹਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਹਲਕਿਆਂ ਵਿੱਚ ਪੈਂਦੇ ਸਾਰੇ ਪੁਆਇੰਟਸ ਦਾ ਵੀ ਦੌਰਾ ਕਰਨਗੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਦੇਣਗੇ।
ਉਨਾਂ ਕਿਹਾ ਕਿ ਸਿੰਚਾਈ ਵਿਭਾਗ ਇਸ ਗੱਲ ਯਕੀਨੀ ਬਣਾਵੇਗਾ ਕਿ ਖਾਲਾਂ ਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਫਲੱਡ ਦੌਰਾਨ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕਮਿਸ਼ਨਰ ਨਗਰ ਨਿਗਮ, ਕਾਰਜ ਸਾਧਕ ਅਫ਼ਸਰਾਂ ਅਤੇ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਜਿਥੇ ਭਾਰੀ ਬਾਰਿਸ਼ ਦੀ ਸੂਰਤ ਵਿੱਚ ਉਹ ਨੀਵੇਂ ਇਲਾਕੇ ਜਿੱਥੇ ਪਾਣੀ ਖੜੇਗਾ, ਉਸ ਨੂੰ ਡਰੇਨ ਆਊਟ ਕਰਨਗੇ।
ਉਨਾਂ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋੜੀਂਦੀ ਮਸ਼ੀਨਰੀ ਦੀ ਪਹਿਲਾਂ ਤੋਂ ਹੀ ਲਿਸਟ ਤਿਆਰ ਕਰ ਕਰਕੇ ਸੰਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਲਿਆ ਜਾਵੇ। ਉਨਾਂ ਸਮੂਹ ਐਸ.ਡੀ.ਐਮਜ਼/ਤਹਿਸੀਲਦਾਰਾਂ/ਕਮਿਸ਼ਨਰ ਪੁਲਿਸ ਦਫ਼ਤਰ/ਐਸ.ਐਸ.ਪੀਜ਼. ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਕਮਿਉਨੀਕੇਸ਼ਨ ਸਿਸਟਮ ਨੂੰ ਚੱਲਦਾ ਰੱਖਣਾ ਯਕੀਨੀ ਬਨਾਉਣ ਤਾਂ ਕਿ ਲੋੜ ਪੈਣ ‘ਤੇ ਲੋਕਾਂ ਨਾਲ ਤਾਲਮੇਲ ਕੀਤਾ ਜਾ ਸਕੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ ਅਤੇ ਹੋਰ ਵਿਭਾਗਾਂ ਦੇ ਮੁੱਖੀ ਅਤੇ ਮੈਂਬਰ ਹਾਜ਼ਰ ਸਨ।

20880cookie-checkਡਿਪਟੀ ਕਮਿਸ਼ਨਰ ਵੱਲੋਂ ਹੜ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ

Leave a Reply

Your email address will not be published. Required fields are marked *

error: Content is protected !!