![]()

ਲੋਕ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਸਹਿਯੋਗ ਕਰਨ-ਡਿਪਟੀ ਕਮਿਸ਼ਨਰ
ਲੁਧਿਆਣਾ, 21 ਜੂਨ ( ਸਤ ਪਾਲ ਸੋਨੀ ) : ਅੰਤਰਰਾਸ਼ਟਰੀ ਯੋਗਾ ਦਿਵਸ ਅੱਜ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਬਡ਼ੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਭਾਗ ਲੈ ਕੇ ਯੋਗ ਕਿਰਿਆਵਾਂ ਕੀਤੀਆਂ। ਸ਼ਹਿਰ ਲੁਧਿਆਣਾ ਵਿੱਚ ਸਥਾਨਕ ਸਰਕਾਰੀ ਕਾਲਜ (ਲਡ਼ਕੇ), ਰੱਖ਼ ਬਾਗ ਅਤੇ ਹੋਰ ਕਈ ਇਲਾਕਿਆਂ ਵਿੱਚ ਯੋਗ ਦਿਵਸ ਮਨਾਇਆ ਗਿਆ।
ਸਰਕਾਰੀ ਕਾਲਜ ਵਿਖੇ ‘ਭਾਰਤੀ ਯੋਗ ਸੰਸਥਾਨ’ ਅਤੇ ‘ਇਨ ਮਾਈ ਸਿਟੀ’ ਵੱਲੋਂ ਸਾਂਝੇ ਤੌਰ ‘ਤੇ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਲੁਧਿਆਣਾ (ਕੇਂਦਰੀ) ਹਲਕੇ ਦੇ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ, ਵਿਦਿਆਰਥੀਆਂ, ਅਧਿਕਾਰੀਆਂ, ਖ਼ਿਡਾਰੀਆਂ ਅਤੇ ਹੋਰਾਂ ਨੇ ਸ਼ਮੂਲੀਅਤ ਕਰਕੇ ਯੋਗ ਕੀਤਾ। ਇਹ ਸਮਾਗਮ ਸਵੇਰੇ 6.00 ਵਜੇ ਤੋਂ ਸਵੇਰੇ 8 ਵਜੇ ਤੱਕ ਮਨਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਡਾਵਰ ਨੇ ਕਿਹਾ ਕਿ ਰੋਜ਼ਾਨਾ ਯੋਗਾ ਕਰਨ ਨਾਲ ਵਿਅਕਤੀ ਦਾ ਮਨ ਅਤੇ ਸਰੀਰ ਪੂਰੀ ਤਰਾਂ ਫਿੱਟ ਰਹਿੰਦਾ ਹੈ। ਯੋਗਾ ਭਾਰਤੀ ਸੰਸਕ੍ਰਿਤੀ ਦੀ ਸਰੀਰਕ ਕਸਰਤ ਦੀ ਪੁਰਾਤਨ ਵਿਧੀ ਹੈ, ਜੋ ਕਿ ਅੱਜ ਦੇ ਭੱਜ ਦੌਡ਼ ਵਾਲੇ ਸਮੇਂ ਵਿੱਚ ਬਹੁਤ ਉਪਯੋਗੀ ਸਾਬਿਤ ਹੋ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਯੋਗ ਨੂੰ ਅਪਨਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਅਗਰਵਾਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਨਾਂ ਕਿਹਾ ਕਿ ਜੇਕਰ ਉਨਾਂ ਨੂੰ ਪਤਾ ਲੱਗਦਾ ਹੈ ਕਿ ਕਿਸੇ ਵਪਾਰੀ ਜਾਂ ਦੁਕਾਨਦਾਰ ਜਾਂ ਉਤਪਾਦਕ ਵੱਲੋਂ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਤਾਂ ਉਹ ਇਸ ਦੀ ਰਿਪੋਰਟ ਜ਼ਿਲਾ ਪ੍ਰਸਾਸ਼ਨ ਨੂੰ ਦੇਣ ਤਾਂ ਜੋ ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।