ਸ਼ਹਿਰ ਲੁਧਿਆਣਾ ਵਿੱਚ ਸਥਾਪਤ ਕੀਤੇ ਜਾਣਗੇ 200 ਪੋਰਟੇਬਲ ਪਖ਼ਾਨੇ

Loading

-ਲੋਕ ਸ਼ਹਿਰ ਨੂੰ ਤੰਦਰੁਸਤ ਬਣਾਉਣ ਲਈ ‘ਮਿਸ਼ਨ’ ਨੂੰ ਕਾਮਯਾਬ ਕਰਨ-ਰਵਨੀਤ ਸਿੰਘ ਬਿੱਟੂ
ਲੁਧਿਆਣਾ, 11 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹਿਰ ਲੁਧਿਆਣਾ ਵਿੱਚ ਨਗਰ ਨਿਗਮ ਵੱਲੋਂ 40 ਲੱਖ ਰੁਪਏ ਦੀ ਲਾਗਤ ਨਾਲ 200 ਪੋਰਟੇਬਲ (ਆਸਾਨੀ ਨਾਲ ਇਧਰ-ਓਧਰ ਲਿਜਾਏ ਜਾਣ ਵਾਲੇ) ਪਖ਼ਾਨੇ ਲਗਾਏ ਜਾਣੇ ਹਨ। ਇਹ ਪਖ਼ਾਨੇ ਝੁੱਗੀਆਂ ਝੌਂਪਡ਼ੀਆਂ ਵਾਲੇ ਅਤੇ ਉਨਾਂ ਖੇਤਰਾਂ ਵਿੱਚ ਲਗਾਏ ਜਾਣਗੇ, ਜਿੱਥੇ ਹਾਲੇ ਵੀ ਲੋਕ ਰਾਤ ਬਰਾਤੇ ਖੁੱਲੇ ਆਮ ਮਲ ਤਿਆਗ ਕਰਦੇ ਹਨ।
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇੱਕ ਮਹੀਨੇ ਵਿੱਚ ਸ਼ਹਿਰ ਦੇ ਸਾਰੇ 95 ਵਾਰਡਾਂ ਨੂੰ ‘ਖੁੱਲੇ ਆਮ ਮਲ ਤਿਆਗ ਮੁਕਤ’ ਕਰਨ ਦਾ ਤਹੱਈਆ ਕੀਤਾ ਹੈ। ਇਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਨੇਪਰੇ ਚਡ਼ਾਉਣ ਲਈ ਨਗਰ ਨਿਗਮ ਵੱਲੋਂ ਟੈਂਡਰ ਪ੍ਰਕਿਰਿਆ ਵੀ ਲਗਭਗ ਮੁਕੰਮਲ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਲੁਧਿਆਣਾ ਦੇ 70 ਵਾਰਡ ਪਹਿਲਾਂ ਹੀ ‘ਖੁੱਲੇ ਆਮ ਮਲ ਤਿਆਗ ਮੁਕਤ’ ਹੋ ਚੁੱਕੇ ਹਨ, ਜਦਕਿ 25 ਵਾਰਡਾਂ ਨੂੰ ਮੁਕਤ ਕਰਾਉਣ ਲਈ ਨਗਰ ਨਿਗਮ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਨਗਰ ਨਿਗਮ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੋਰਟੇਬਲ ਪਖ਼ਾਨੇ ਮਰਾਠਾ ਰੋਡ, ਸਬ-ਰਜਿਸਟਰਾਰ ਦਫ਼ਤਰ ਹੰਬਡ਼ਾ ਰੋਡ, ਗੁਲਮੋਹਰ ਹੋਟਲ ਸਾਹਮਣੇ ਭਾਰਤ ਨਗਰ ਚੌਕ, ਦੁੱਗਰੀ ਨਹਿਰ ਦੇ ਕੋਲ, ਰੇਲਵੇ ਲਾਈਨ ਜੱਸੀਆਂ ਰੋਡ ਨੇਡ਼ੇ ਪੁੱਲ, ਦਾਣਾ ਮੰਡੀ ਦੇ ਪਿੱਛੇ, ਦਾਣਾ ਮੰਡੀ ਨੇਡ਼ੇ ਝੁੱਗੀਆਂ, ਨਵੀਂ ਸਬਜੀ ਮੰਡੀ, ਨੇਡ਼ੇ ਬੁੱਢਾ ਨਾਲਾ, ਲੋਕਲ ਸਬਜ਼ੀ ਮੰਡੀ, ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਕੋਲ ਪੈਂਦੇ ਖਾਲੀ ਪਲਾਟਾਂ ਕੋਲ, ਜੱਸੀਆਂ ਰੋਡ (ਨੰਬਰ-4 ਝੁੱਗੀਆਂ), ਮੰਨਾ ਸਿੰਘ ਨਗਰ (ਵਿਹਡ਼ਾ), ਰੇਲਵੇ ਲਾਈਨ (ਘੰਟਾ ਘਰ), ਢੰਡਾਰੀ ਕਲਾਂ ਰੇਲਵੇ ਸਟੇਸ਼ਨ (ਦਿੱਲੀ-ਅੰਬਾਲਾ ਰੋਡ), ਫੌਜੀ ਮੁਹੱਲਾ ਰੇਲਵੇ ਲਾਈਨ, ਜੱਸੀਆਂ ਰੋਡ ਨੇਡ਼ੇ ਤਰਸੇਮ ਚੈਰੀਟੇਬਲ ਹਸਪਤਾਲ,  ਭਾਈ ਰਣਧੀਰ ਸਿੰਘ ਨਗਰ ਝੁੱਗੀਆਂ ਜ਼ੋਨ-ਡੀ ਦਫ਼ਤਰ, ਜੱਸੀਆਂ ਰੋਡ ਤਰਸੇਮ ਚੈਰੀਟੇਬਲ ਹਸਪਤਾਲ ਦੇ ਪਿੱਛੇ, ਭਗਤ ਸਿੰਘ ਨਗਰ ਨੇਡ਼ੇ ਸ਼ਾਮ ਨਗਰ ਰੇਲਵੇ ਲਾਂਘਾ, ਦਮੋਰੀਆ ਪੁੱਲ ਨੇਡ਼ੇ ਰੇਲਵੇ ਲਾਈਨ, ਆਕਾਸ਼ ਪੁਰੀ, ਪੰਜਾਬੀ ਬਾਗ, ਦਾਣਾ ਮੰਡੀ ਗਿੱਲ ਸਡ਼ਕ, ਗਿੱਲ ਰੋਡ ਨਹਿਰ ਦੇ ਪੁੱਲ ਕੋਲ, ਖੋਖਾ ਮਾਰਕੀਟ ਨੇਡ਼ੇ ਝੁੱਗੀਆਂ ਗਊਸ਼ਾਲਾ ਪਲਾਟ ਸਾਹਮਣੇ, ਜੀਵਨ ਨਗਰ ਸਡ਼ਕ ਝੁੱਗੀਆਂ ਦੇ ਸੱਜੇ ਪਾਸੇ, ਤਾਜਪੁਰ ਸਡ਼ਕ ਨੇਡ਼ੇ ਝੁੱਗੀਆਂ ਕੋਲ ਅਤੇ ਹੋਰ ਸਥਾਨਾਂ ‘ਤੇ ਸਥਾਪਤ ਕੀਤੇ ਜਾਣੇ ਹਨ।
ਇਨਾਂ ਸਥਾਨਾਂ ‘ਤੇ ਪੰਜ ਜਾਂ ਇਸ ਤੋਂ ਵਧੇਰੇ ਪਖ਼ਾਨਾ ਸੈੱਟ ਸਥਾਪਤ ਕੀਤੇ ਜਾਣਗੇ, ਜੋ ਕਿ ਔਰਤਾਂ ਅਤੇ ਮਰਦਾਂ ਲਈ ਅਲੱਗ-ਅਲੱਗ ਹੋਣਗੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ 50 ਹੋਰ ਅਤਿ ਆਧੁਨਿਕ ਪੱਕੇ ਪਖ਼ਾਨੇ ਸਥਾਪਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਬਾਰੇ ਗੱਲ ਕਰਦਿਆਂ ਮੈਂਬਰ ਲੋਕ ਸਭਾ  ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਮਿਸ਼ਨ ਦੇ ਸ਼ੁਰੂ ਹੋਣ ਨਾਲ ਸੂਬੇ ਦੀ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਦੇ ਸ਼ੁੱਧ ਹੋਣ ਦੀ ਆਸ ਬੱਝੀ ਹੈ। ਇਸ ਮਿਸ਼ਨ ਨਾਲ ਪੰਜਾਬੀਆਂ ਨੂੰ ਸਹੀ ਮਾਅਨਿਆਂ ਵਿੱਚ ਤੰਦਰੁਸਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਮਿਸ਼ਨ ਤਹਿਤ 12 ਵਿਭਾਗਾਂ ਨੇ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ ਸੂਬੇ ਨੂੰ ਤੰਦਰੁਸਤ ਕਰਨ ਲਈ ਉਪਰਾਲੇ ਕਰਨੇ ਹਨ। ਜਿਸ ਤਹਿਤ ਵਿਸ਼ਾਲ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾਣੀ ਹੈ।  ਬਿੱਟੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਬਣਦਾ ਯੋਗਦਾਨ ਪਾਉਣ।
ਇਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਝੁੱਗੀਆਂ ਝੌਂਪਡ਼ੀਆਂ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਸਾਫ਼ ਸੁਥਰਾ ਰਹਿਣ ਸਹਿਣ ਮੁਹੱਈਆ ਕਰਾਉਣ ਨਾਲ ਗਿਆਸਪੁਰਾ, ਢੰਡਾਰੀ ਅਤੇ ਮੁੰਢੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫਲੈਟਾਂ ਦਾ ਨਿਰਮਾਣ ਕਰਵਾਇਆ ਗਿਆ ਹੈ।

20190cookie-checkਸ਼ਹਿਰ ਲੁਧਿਆਣਾ ਵਿੱਚ ਸਥਾਪਤ ਕੀਤੇ ਜਾਣਗੇ 200 ਪੋਰਟੇਬਲ ਪਖ਼ਾਨੇ

Leave a Reply

Your email address will not be published. Required fields are marked *

error: Content is protected !!