![]()

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਕਰਨਗੇ ਸ਼ੁਰੂਆਤ
ਲੁਧਿਆਣਾ, 4 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਮਿਲਾਵਟ ਰਹਿਤ ਭੋਜਨ/ਖੁਰਾਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ 5 ਜੂਨ ਨੂੰ ਹਰੇਕ ਜ਼ਿਲਾ ਪੱਧਰ ‘ਤੇ ਮਿਸ਼ਨ ‘ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤਹਿਤ ਲੁਧਿਆਣਾ ਵਿਖੇ 5 ਜੂਨ ਨੂੰ ਕੀਤਾ ਜਾ ਰਿਹਾ ਸਮਾਗਮ ‘ਵਿਸ਼ਵ ਵਾਤਾਵਰਣ ਦਿਵਸ’ ਨੂੰ ਸਮਰਪਿਤ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਇਸ ਮਿਸ਼ਨ ਨੂੰ ਲਾਂਚ ਕਰਨਗੇ।
ਸਥਾਨਕ ਗੁਰੂ ਨਾਨਕ ਭਵਨ ਵਿਖੇ ਹੋਣ ਵਾਲੇ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਅੱਜ ਮਿਸ਼ਨ ‘ਤੰਦਰੁਸਤ ਪੰਜਾਬ’ ਸਬੰਧੀ ਯੋਜਨਾਬੰਦੀ ਉਲੀਕਣ ਲਈ ਵੱਖ-ਵੱਖ ਵਿਭਾਗਾਂ ਦੀ ਸੱਦੀ ਮੀਟਿੰਗ ਦੌਰਾਨ ਦਿੱਤੀ। ਉਨਾਂ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਚੌਗਿਰਦਾ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਉਨਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਸ਼ੁੱਧ ਹਵਾ ਤੇ ਪਾਣੀ, ਮਿਲਾਵਟ ਰਹਿਤ ਭੋਜਨ ਅਤੇ ਖੁਰਾਕੀ ਉਤਪਾਦ ਮੁਹੱਈਆ ਕਰਵਾਉਣੇ ਹਨ ਤਾਂ ਜੋ ਉਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਹਮੇਸ਼ਾਂ ਤੰਦਰੁਸਤ ਰਹੇ। ਉਨਾਂ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਰਕਾਰੀ ਮਹਿਕਮਿਆਂ ਨੂੰ ਮਿਲਾਵਟਖੋਰਾਂ ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਆਖਿਆ।
ਉਨਾਂ ਦੱਸਿਆ ਕਿ ਇਸ ਮਿਸ਼ਨ ਨੂੰ ਲਾਂਚ ਕਰਨ ਲਈ ਜਿਲਾ ਲੁਧਿਆਣਾ ਵਿਚ ਵਿਸ਼ੇਸ਼ ਸਮਾਗਮ ਵਿਚ ਜਿੱਥੇ ਹਾਜ਼ਰੀਨ ਨੂੰ ਤੰਦਰੁਸਤ ਜੀਵਨ ਬਾਰੇ ਜਾਗਰੂਕ ਕੀਤਾ ਜਾਵੇਗਾ, ਉਥੇ ਹੀ ਖੂਨਦਾਨ ਕੈਂਪ, ਸਿਹਤ ਜਾਗਰੂਕਤਾ ਕੈਂਪ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਸਥਾਨਕ ਰੱਖ਼ ਬਾਗ ਵਿਖੇ ਪੌਦੇ ਲਗਾ ਕੇ ਹਰਾ ਭਰਾ ਆਲਾ ਦੁਆਲਾ ਸਿਰਜਣ ਦਾ ਸੁਨੇਹਾ ਦੇਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕਤਾ ਸੰਬੰਧੀ ਗਤੀਵਿਧੀਆਂ ਉਲੀਕਣ ਦੇ ਵੀ ਆਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਦਮਨਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸਤਵੰਤ ਸਿੰਘ ਅਤੇ ਹੋਰ ਵਿਭਾਗ ਮੁੱਖੀ ਹਾਜ਼ਰ ਸਨ।