![]()

ਜੂਨ ਮਹੀਨੇ ਰਾਜਸਥਾਨ ਵਿੱਚ ਲੱਗ ਰਹੇ ਰਾਸ਼ਟਰੀ ਕੈਂਪ ਲਈ ਕਰ ਰਿਹੈ ਸਿਰਤੋੜ ਮਿਹਨਤ
ਲੁਧਿਆਣਾ, 24 ਮਈ ( ਸਤ ਪਾਲ ਸੋਨੀ ) : ਜੀਵਨ ਦੀਆਂ ਹਰ ਤਰਾਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਰੁਕਾਵਟਾਂ ਨੂੰ ਪਾਸੇ ਕਰਦਿਆਂ ਪਿੰਡ ਅਲੂਣਾ ਤੋਲਾ ਦਾ ਵਿਸ਼ੇਸ਼ ਲੋੜਾਂ ਵਾਲਾ ਖ਼ਿਡਾਰੀ ਅਰਸ਼ਪ੍ਰੀਤ ਸਿੰਘ ਆਪਣੇ ਦ੍ਰਿੜ ਇਰਾਦੇ ਅਤੇ ਮਿਹਨਤ ਦੇ ਸਦਕਾ ਅਗਲੇ ਸਾਲ ਮਾਰਚ ਮਹੀਨੇ ਆਬੂਧਾਬੀ ਵਿਖੇ ਹੋਣ ਵਾਲੀਆਂ ‘ਸਪੈਸ਼ਲ ਉਲੰਪਿਕਸ ਵਰਲਡ ਸਮਰ ਗੇਮਜ਼’ ਵਿੱਚ ਫੁੱਟਬਾਲ ਟੀਮ ਦੇ ਮੈਂਬਰ ਬਣ ਕੇ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਦੀ ਤਿਆਰੀ ਵਿੱਚ ਹੈ। ਸਮਰ ਉਲੰਪਿਕਸ ਦੀ ਤਿਆਰੀ ਲਈ ਆਗਾਮੀ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਉਦੇਪੁਰ (ਰਾਜਸਥਾਨ) ਵਿਖੇ ਲੱਗ ਰਹੇ ਰਾਸ਼ਟਰੀ ਕੈਂਪ ਲਈ ਉਸ ਦੀ ਚੋਣ ਹੋ ਗਈ ਹੈ, ਹੁਣ ਉਹ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਲਈ ਸਿਰਤੋੜ ਯਤਨ ਕਰ ਰਿਹਾ ਹੈ।
ਅਰਸ਼ਪ੍ਰੀਤ ਸਿੰਘ ਨੂੰ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਾਉਣ ਦੇ ਯਤਨ ਵਿੱਚ ਸਿੱਖਿਆ ਵਿਭਾਗ ਵੱਲੋਂ ਜਿੱਥੇ ਉਸਨੂੰ ਰੋਜ਼ਾਨਾ ਦੋ ਵਿਸ਼ੇਸ਼ ਅਧਿਆਪਕਾਂ ਕਰਮਜੀਤ ਸਿੰਘ ਅਤੇ ਸੁਖਜੀਤ ਸਿੰਘ ਦੀ ਨਿਗਰਾਨੀ ਵਿੱਚ ਪੋਸ਼ਟਿਕ ਆਹਾਰ (ਦੁੱਧ, ਅੰਡੇ, ਫਰੂਟ, ਜੂਸ ਅਤੇ ਹੋਰ ਉਤਪਾਦ) ਦਿੱਤਾ ਜਾ ਰਿਹਾ ਹੈ, ਉਥੇ ਹੀ ਨਵੀਂ ਖੇਡ ਕਿੱਟ ਵੀ ਮੁਹੱਈਆ ਕਰਵਾਈ ਗਈ ਹੈ। ਅਧਿਆਪਕ ਕਰਮਜੀਤ ਸਿੰਘ ਨੇ ਕਿਹਾ ਕਿ ਅਰਸ਼ਪ੍ਰੀਤ ਦੇ ਉੱਚੇ ਆਤਮ ਵਿਸ਼ਵਾਸ਼ ਅਤੇ ਮੁਕਾਬਲੇ ਦੀ ਦ੍ਰਿੜ ਭਾਵਨਾ ਦੀ ਹਰ ਕੋਈ ਪ੍ਰਸੰਸ਼ਾ ਕਰਦਾ ਹੈ। ਉਸਨੇ ਪਿਛਲੇ ਸਾਲ ਚੇਨੱਈ ਵਿਖੇ ਹੋਈ ਯੂਨੀਫਾਈਡ ਫੁੱਟਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਬੈੱਸਟ ਪਲੇਅਰ ਦਾ ਖ਼ਿਤਾਬ ਅਤੇ ਉਸ ਦੀ ਟੀਮ ਨੇ ਸੋਨ ਤਮਗਾ ਜਿੱਤਿਆ ਸੀ। ਅਰਸ਼ਪ੍ਰੀਤ ਸਿੰਘ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਵਿਰੋਧੀ ਟੀਮਾਂ ਵਿਰੁਧ 4 ਗੋਲ ਕੀਤੇ ਸਨ। ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਦੀ ਟੀਮ ਦਾ ਖ਼ਜ਼ਾਨਾ ਕਰਾਰ ਦਿੰਦਿਆਂ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਮੈਦਾਨ ਵਿੱਚ ਰੋਜ਼ਾਨਾ 3-4 ਘੰਟੇ ਖੇਡ ਅਭਿਆਸ ਕਰਦਾ ਹੈ।
ਅਰਸ਼ਪ੍ਰੀਤ ਸਿੰਘ ਇਸ ਵੇਲੇ ਪਿੰਡ ਅਲੂਣਾ ਤੋਲਾ ਦੇ ਸਰਕਾਰੀ ਮਿਡਲ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਹੈ। ਅਰਸ਼ਪ੍ਰੀਤ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਖੇਡ ਵਿਭਾਗ ਨੂੰ ਉਸ ਦੀ ਕਾਬਲੀਅਤ ‘ਤੇ ਪੂਰਾ ਮਾਣ ਹੈ। ਉਨਾਂ ਭਰੋਸੇ ਨਾਲ ਕਿਹਾ ਕਿ ਅਰਸ਼ਪ੍ਰੀਤ ਸਪੈਸ਼ਲ ਉਲੰਪਿਕਸ ਵਰਲਡ ਸਮਰ ਗੇਮਜ਼ ਲਈ ਭਾਰਤੀ ਟੀਮ ਦਾ ਹਿੱਸਾ ਜ਼ਰੂਰ ਬਣੇਗਾ। ਇਸ ਦੌਰਾਨ ਖੇਡ ਅਭਿਆਸ ਤੋਂ ਵਿਹਲੇ ਹੋ ਕੇ ਅਰਸ਼ਪ੍ਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਸ਼ਟਰੀ ਕੈਂਪ ਦੀ ਤਿਆਰੀ ਲਈ ਬਹੁਤ ਮਿਹਨਤ ਕਰ ਰਿਹਾ ਹੈ। ਕੋਚ ਅਤੇ ਅਧਿਆਪਕ ਉਸ ਨੂੰ ਖੇਡਾਂ ਅਤੇ ਪੜਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਲਗਾਤਾਰ ਮਾਰਗ ਦਰਸ਼ਨ ਕਰ ਰਹੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਮਿਤੀ 30 ਨਵੰਬਰ, 2017 ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅਰਸ਼ਪ੍ਰੀਤ ਸਿੰਘ ਅਤੇ ਜ਼ਿਲੇ ਦੇ ਵਿਸ਼ੇਸ਼ ਲੋੜਾਂ ਵਾਲੇ ਹੋਰ ਹੋਣਹਾਰ ਖ਼ਿਡਾਰੀਆਂ ਲਈ ਵਿਸ਼ੇਸ਼ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਸੀ ਅਤੇ ਉਨਾਂ ਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਹੋਣਹਾਰ ਖ਼ਿਡਾਰੀਆਂ ਅਤੇ ਸੂਬੇ ਵਿੱਚ ਖੇਡਾਂ ਦੇ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨਾਂ ਵਪਾਰਕ ਘਰਾਣਿਆਂ ਅਤੇ ਕੰਪਨੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਸੂਬੇ ਵਿੱਚ ਖੇਡਾਂ ਅਤੇ ਖ਼ਿਡਾਰੀਆਂ ਦੇ ਵਿਕਾਸ ਲਈ ਖ਼ਿਡਾਰੀਆਂ ਅਤੇ ਟੀਮਾਂ ਨੂੰ ਅਪਨਾਉਣ (ਅਡਾਪਟ ਕਰਨ) ਲਈ ਅੱਗੇ ਆਉਣ।