![]()

ਗੈਰਕਾਨੂੰਨੀ ਕਾਰੋਬਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸੰਯੁਕਤ ਕਮਿਸ਼ਨਰ
ਸਾਢੇ ਤਿੰਨ ਕੁਇੰਟਲ ਮੀਟ ਅਤੇ ਮੱਛੀ ਨੂੰ ਨਸ਼ਟ ਕਰਵਾਇਆ
ਲੁਧਿਆਣਾ, 21 ਮਈ ( ਸਤ ਪਾਲ ਸੋਨੀ ) : ਨਗਰ ਨਿਗਮ ਅਧਿਕਾਰੀਆਂ ਨੇ ਅੱਜ ਸਖ਼ਤ ਕਾਰਵਾਈ ਕਰਦਿਆਂ ਸਥਾਨਕ ਮਾਡਲ ਟਾਊਨ ਖੇਤਰ ਵਿੱਚ ਗੈਰਕਾਨੂੰਨੀ ਤੌਰ ‘ਤੇ ਲੱਗਦੀ ਮੀਟ ਅਤੇ ਮੱਛੀ ਮੰਡੀ ਨੂੰ ਬੰਦ ਕਰਵਾ ਦਿੱਤਾ। ਇਸ ਮੌਕੇ ਘਟੀਆ ਗੁਣਵੱਤਾ ਵਾਲਾ ਮੀਟ ਅਤੇ ਮੱਛੀ ਮਟੀਰੀਅਲ ਵੀ ਨਸ਼ਟ ਕਰਵਾਇਆ ਗਿਆ। ਇਹ ਕਾਰਵਾਈ ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਨੇਪਰੇ ਚਾਡ਼ੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਨਗਰ ਨਿਗਮ ਦੇ ਵੈਟਰਨਰੀ, ਸਿਹਤ ਅਤੇ ਸੈਨੀਟੇਸ਼ਨ ਅਤੇ ਤਹਿਬਾਜ਼ਾਰੀ ਵਿੰਗਾਂ ਵੱਲੋਂ ਸਾਂਝੇ ਤੌਰ ‘ਤੇ ਨੇਪਰੇ ਚਾਡ਼ੀ ਗਈ। ਇਸ ਮੌਕੇ ਕਰੀਬ 15-16 ਰੇਹੜੀ ਵਾਲਿਆਂ ਤੋਂ 350 ਕਿਲੋਗ੍ਰਾਮ ਮੀਟ ਅਤੇ ਮੱਛੀ, ਜੋ ਕਿ ਬਹੁਤ ਘਟੀਆ ਕਿਸਮ ਦੀ ਸੀ, ਨੂੰ ਮੌਕੇ ‘ਤੇ ਨਸ਼ਟ ਕਰਵਾਇਆ ਗਿਆ। ਰੇਹੜੀ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਉਹ ਭਵਿੱਖ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮੰਡੀ ਨਾ ਲਗਾਉਣ।
ਇਸ ਮੌਕੇ ਕੁਲਪ੍ਰੀਤ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ ਕਿਸੇ ਵੀ ਤਰਾਂ ਦੀ ਗੈਰਕਾਨੂੰਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਗਰ ਨਿਗਮ ਟੀਮਾਂ ਵੱਲੋਂ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਉਨਾਂ ਨਾਲ ਸੈਨੇਟਰੀ ਇੰਸਪੈਕਟਰ ਬੰਟੂ ਸਿੰਘ ਅਤੇ ਹੋਰ ਵੀ ਹਾਜ਼ਰ ਸਨ।