![]()

ਕਾਂਗਰਸ ਪਾਰਟੀ ਦੇ ਵਿਕਾਸ ਮੁੱਖੀ ਏਜੰਡੇ ‘ਤੇ ਲੋਕਾਂ ਦੀ ਮੋਹਰ ਹੋਵੇਗੀ ਪਾਰਟੀ ਦੀ ਜਿੱਤ-ਭਾਰਤ ਭੂਸ਼ਣ ਆਸ਼ੂ
ਲੁਧਿਆਣਾ/ਸ਼ਾਹਕੋਟ, 13 ਮਈ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਸ਼ਾਹਕੋਟ ਉਪ-ਚੋਣ ਵੱਡੇ ਫਰਕ ਨਾਲ ਜਿੱਤੇਗੀ। ਅੱਜ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਜਿੱਤ ਪਾਰਟੀ ਦੇ ਵਿਕਾਸ ਮੁੱਖੀ ਏਜੰਡੇ ‘ਤੇ ਲੋਕਾਂ ਦੀ ਮੋਹਰ ਸਾਬਿਤ ਹੋਵੇਗੀ।
ਜ਼ਿਲਾ ਲੁਧਿਆਣਾ ਦੇ ਵਿਧਾਇਕਾਂ ਅਤੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਰਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਪਿਛਲੇ ਕਈ ਦਿਨਾਂ ਤੋਂ ਸ਼ਾਹਕੋਟ ਵਿਖੇ ਕਾਂਗਰਸ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਵਿੱਚ ਡਟੇ ਹੋਏ ਹਨ। ਰਵਨੀਤ ਸਿੰਘ ਬਿੱਟੂ ਨੂੰ ਲੋਹੀਆਂ ਦੇ ਸਾਰੇ ਵਾਰਡਾਂ ਦਾ ਇੰਚਾਰਜ ਲਗਾਇਆ ਗਿਆ ਹੈ, ਜਦਕਿ ਭਾਰਤ ਭੂਸ਼ਣ ਆਸ਼ੂ ਨੂੰ ਹਲਕੇ ਦੇ 28 ਪਿੰਡਾਂ ਦਾ ਓਵਰਆਲ ਇੰਚਾਰਜ ਲਗਾਇਆ ਗਿਆ ਹੈ। ਇਨਾਂ ਪਿੰਡਾਂ ਵਿੱਚ ਜਗਰਾਂਉ ਖੇਤਰ ਨਾਲ ਲੱਗਦੇ ਪਿੰਡਾਂ ਬੰਗੀਵਾਲ, ਗੰਸੂਵਾਲ, ਜੁੰਗੀਆਂ, ਬਸਤੀ ਜੁੰਗੀਆਂ, ਰਾਏਪੁਰ ਗੁੱਜਰਾਂ, ਬਿਟਲਾ, ਬੰਗੀਵਾਲ, ਉਮਰੇਵਾਲ ਆਦਿ ਪਿੰਡ ਸ਼ਾਮਿਲ ਹਨ।
ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਗਠਜੋਡ਼ ਦੇ ਪਿਛਲੇ 10 ਸਾਲ ਦੇ ਵਿਨਾਸ਼ਕਾਰੀ ਰਾਜ ਨੂੰ ਭੁੱਲੇ ਨਹੀਂ ਹਨ।
ਆਸ਼ੂ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹਰੇਕ ਵਰਗ ਦੇ ਲੋਕਾਂ, ਖਾਸ ਕਰਕੇ ਕਿਸਾਨ ਵਰਗ, ਦੇ ਵਿਕਾਸ ਲਈ ਦ੍ਰਿਡ਼ ਉਪਰਾਲੇ ਕੀਤੇ ਜਾ ਰਹੇ ਹਨ। ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਲੱਖਾਂ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਚੁੱਕਾ ਹੈ, ਜਦਕਿ ਅਗਲੇ ਸਮੇਂ ਦੌਰਾਨ ਲੱਖਾਂ ਹੋਰ ਕਿਸਾਨਾਂ ਨੂੰ ਇਸ ਯੋਜਨਾ ਤਹਿਤ ਲਾਭ ਪਹੁੰਚਾਇਆ ਜਾਣਾ ਹੈ।
ਉਨਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਸੂਬੇ ਦਾ ਸਰਬਪੱਖੀ ਵਿਕਾਸ ਸਿਰਫ਼ ਕਾਂਗਰਸ ਪਾਰਟੀ ਹੀ ਕਰਵਾ ਸਕਦੀ ਹੈ। ਜਦਕਿ ਦੂਜੇ ਪਾਸੇ ਅਕਾਲੀ ਭਾਜਪਾ ਗਠਜੋਡ਼ ਸਰਕਾਰ ਸਿਰਫ਼ ਆਪਣੇ ਸਵਾਰਥ ਪੂਰੇ ਕਰਨ ਨੂੰ ਹੀ ਤਰਜੀਹ ਦਿੰਦੀ ਹੈ। ਸ੍ਰੀ ਆਸ਼ੂ ਨੇ ਕਿਹਾ ਕਿ ਉਨਾਂ ਦਾ ਵਿਭਾਗ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਣਾ ਅਤੇ ਅਦਾਇਗੀ ਕਰਨਾ ਯਕੀਨੀ ਬਣਾ ਰਹੀ ਹੈ। ਉਨਾਂ ਦਾਅਵੇ ਨਾਲ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕਣਕ ਵੇਚਣ ਲਈ ਮੰਡੀਆਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਿਆ।
ਆਸ਼ੂ ਦੀ ਅਗਵਾਈ ਵਾਲੀ ਟੀਮ ਵਿੱਚ ਵਿਧਾਇਕ ਸੰਜੇ ਤਲਵਾਡ਼, ਦਰਸ਼ਨ ਸਿੰਘ ਮੰਗੂਪੁਰ, ਅੰਗਦ ਸਿੰਘ ਸੈਣੀ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਸਾਬਕਾ ਐੱਮ. ਪੀ. ਅਮਰੀਕ ਸਿੰਘ ਆਲੀਵਾਲ, ਬਿਕਰਮ ਸਿੰਘ ਮੋਫ਼ਰ, ਮੇਜਰ ਸਿੰਘ ਭੈਣੀ, ਈਸ਼ਵਰਜੋਤ ਸਿੰਘ ਚੀਮਾ, ਪਾਲ ਸਿੰਘ ਗਰੇਵਾਲ, ਸਤਿੰਦਰ ਕੌਰ ਬਿੱਟੀ, ਵਿਕਰਮ ਸਿੰਘ ਚੌਧਰੀ ਸ਼ਾਮਿਲ ਹਨ, ਜਦਕਿ ਬਿੱਟੂ ਦੀ ਟੀਮ ਵਿੱਚ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਸ਼ਹਿਰ ਲੁਧਿਆਣਾ ਦੇ ਹੋਰ ਕੌਂਸਲਰ ਅਤੇ ਪ੍ਰਮੁੱਖ ਨੇਤਾ ਸ਼ਾਮਿਲ ਹਨ।