![]()

ਵਿਕਾਸ ਦੀ ਹਨੇਰੀ ਹੁਣ ਰੁਕਣ ਵਾਲੀ ਨਹੀਂ-ਰਵਨੀਤ ਸਿੰਘ ਬਿੱਟੂ
ਲੁਧਿਆਣਾ, 11 ਮਈ ( ਸਤ ਪਾਲ ਸੋਨੀ ) :”ਨਗਰ ਨਿਗਮ ਦੀ ਨਵੀਂ ਟੀਮ ਦੇ ਗਠਨ ਉਪਰੰਤ ਸ਼ਹਿਰ ਲੁਧਿਆਣਾ ਦੇ ਵਿਕਾਸ ਕਾਰਜ ਤੇਜ਼ ਗਤੀ ਨਾਲ ਚਾਲੂ ਕਰ ਦਿੱਤੇ ਗਏ ਹਨ, ਜੋ ਕਿ ਹੁਣ ਰੁਕਣ ਵਾਲੇ ਨਹੀਂ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਹਲਕਾ ਆਤਮ ਨਗਰ ਵਿਖੇ 6 ਕਰੋਡ਼ 99 ਲੱਖ 19 ਹਜ਼ਾਰ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਅੱਜ ਸ਼ੁਰੂ ਹੋਏ ਵਿਕਾਸ ਕਾਰਜਾਂ ਵਿੱਚ ਡੀ-ਬਲਾਕ ਵਿੱਚ 77 ਲੱਖ ਦੀ ਲਾਗਤ ਨਾਲ ਸਡ਼ਕ ਦੀ ਮੁਰੰਮਤ, ਗੁਰਦੁਆਰਾ ਸੰਤੋਖ਼ਸਰ ਸਾਹਿਬ ਨੇ 86 ਲੱਖ ਰੁਪਏ ਦੀ ਲਾਗਤ ਨਾਲ, ਨਿਰਮਲ ਨਗਰ ਵਿਖੇ 84.34 ਲੱਖ ਰੁਪਏ ਦੀ ਲਾਗਤ ਨਾਲ, ਦੁੱਗਰੀ ਮੁੱਖ ਮਾਰਕੀਟ ਫੇਜ਼-1 ਅਤੇ 2 ਵਿਖੇ 84.92 ਲੱਖ ਰੁਪਏ ਲਾਗਤ ਨਾਲ, ਜਵੱਦੀ ਤੋਂ ਪੱਖੋਵਾਲ ਸਡ਼ਕ 1.56 ਕਰੋਡ਼ ਰੁਪਏ ਲਾਗਤ ਨਾਲ, ਪੰਜਾਬੀ ਬਾਗ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ, ਗੁਰੂ ਨਾਨਕ ਕਲੋਨੀ ਵਿਖੇ 55.83 ਲੱਖ ਰੁਪਏ ਦੀ ਲਾਗਤ ਨਾਲ, ਚੇਤ ਸਿੰਘ ਨਗਰ ਵਿਖੇ 54.10 ਲੱਖ ਰੁਪਏ ਲਾਗਤ ਨਾਲ, ਗਿੱਲ ਚੌਕ ਤੋਂ ਧੂਰੀ ਰੇਲਵੇ ਲਾਈਨ ਦੋਵੇਂ ਪਾਸੇ 31 ਲੱਖ ਰੁਪਏ ਦੀ ਲਾਗਤ ਨਾਲ ਸਡ਼ਕਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਸ਼ਾਮਿਲ ਹਨ, ਜਿਨਾਂ ਦੀ ਸ਼ੁਰੂਆਤ ਬਿੱਟੂ ਨੇ ਕਰਵਾਈ।
ਬਿੱਟੂ ਨੇ ਕਿਹਾ ਹੈ ਕਿ ਲੁਧਿਆਣਾ ਨੂੰ ਸੂਬੇ ਦਾ ਸਰਬੋਤਮ ਸਡ਼ਕਾਂ ਅਤੇ ਬੁਨਿਆਦੀ ਸਹੂਲਤਾਂ ਵਾਲੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਦ੍ਰਿਡ਼ ਵਚਨਬੱਧ ਹੈ। ਪੰਜਾਬ ਸਰਕਾਰ ਇਸ ਸ਼ਹਿਰ ਨੂੰ ਵਿਕਸਤ ਕਰਨ ਹਰ ਸੰਭਵ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਵਿਕਾਸ ਕਾਰਜ ਜਲਦ ਹੀ ਮੁਕੰਮਲ ਕੀਤੇ ਜਾਣਗੇ। ਸ਼ਹਿਰ ਦੇ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਸਾਰੇ ਵਿਕਾਸ ਕੰਮ ਪਡ਼ਾਅ ਵਾਰ ਮੁਕੰਮਲ ਕੀਤੇ ਜਾਣਗੇ।
ਬਿੱਟੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਹਲਕਾ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਨੂੰ ਵਿਕਾਸ ਪੱਖੋਂ ਵੱਡੀ ਮਾਰ ਪਈ ਹੈ। ਇਨਾਂ ਦੋਵੇਂ ਹਲਕਿਆਂ ਦੇ ਵਿਕਾਸ ਨੂੰ ਸ਼ਹਿਰ ਦੇ ਵਿਕਾਸ ਦੇ ਸਮਾਂਤਰ ਲਿਆਉਣ ਲਈ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਦੋਵੇਂ ਹਲਕਿਆਂ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਪੰਜਾਬ ਸਰਕਾਰ ਵੱਲੋਂ ਸਮੁੱਚੇ ਸ਼ਹਿਰ ਲੁਧਿਆਣਾ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।
ਪੰਜਾਬ ਸਰਕਾਰ ‘ਤੇ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦੇ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਅਕਾਲੀਆਂ ਨੇ ਹਮੇਸ਼ਾਂ ਸਿੱਖ ਇਤਿਹਾਸ ਨੂੰ ਮਜ਼ਬੂਤ ਕਰਨ ਦੀ ਬਿਜਾਏ ‘ਬਾਦਲ ਪਰਿਵਾਰ’ ਅਤੇ ‘ਮਜੀਠੀਆ ਪਰਿਵਾਰ’ ਨੂੰ ਇਤਿਹਾਸ ਵਿੱਚ ਦਰਜ ਕਰਾਉਣ ‘ਤੇ ਜ਼ੋਰ ਦਿੱਤਾ ਹੈ। ਜਿਸ ਕਾਰਨ ਅਕਾਲੀਆਂ ਨੂੰ ਇਸ ਵਿਸ਼ੇ ‘ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਇਸ ਪਾਰਟੀ ਨੇ ਸਿੱਖ ਪੰਥ ਦੀ ਬਿਜਾਏ ਬਾਦਲਾਂ ਅਤੇ ਮਜੀਠੀਆ ਦੇ ਪਰਿਵਾਰਾਂ ਨੂੰ ਉਭਾਰਨ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕਡ਼ਵਲ, ਨਿੱਜੀ ਸਹਾਇਕ ਗੁਰਦੀਪ ਸਿੰਘ ਸਰਪੰਚ ਵੀ ਹਾਜ਼ਰ ਸਨ।