![]()

ਡਾ. ਅਮਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਵਿਕਾਸ ਕੰਮਾਂ ਦਾ ਰਿਪੋਰਟ ਕਾਰਡ ਕੀਤਾ ਜਾਰੀ
ਰਾਏਕੋਟ/ਲੁਧਿਆਣਾ, 25 ਅਪ੍ਰੈੱਲ 25 ਅਪ੍ਰੈੱਲ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ, ਖਾਸ ਕਰਕੇ ਸਬ ਡਵੀਜ਼ਨ ਰਾਏਕੋਟ, ਦੇ ਵਾਸੀਆਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਇਸ ਖੇਤਰ ਵਿੱਚ ਇੱਕ ਸਰਕਾਰੀ ਕਾਲਜ ਅਤੇ ਇੱਕ ਉਦਯੋਗਿਕ ਸਿਖ਼ਲਾਈ ਸੰਸਥਾ (ਆਈ. ਟੀ. ਆਈ.) ਖੋਲੇ ਜਾ ਰਹੇ ਹਨ। ਜਿਸ ਲਈ ਬਕਾਇਦਾ ਕਾਰਵਾਈ ਅੰਤਿਮ ਪਡ਼ਾਅ ‘ਤੇ ਹੈ। ਇਸ ਤੋਂ ਇਲਾਵਾ ਪਿਛਲੇ ਇੱਕ ਸਾਲ ਦੌਰਾਨ ਸਬ ਡਵੀਜ਼ਨ ਨੂੰ ਰੁਕੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਅਤੇ ਨਵੇਂ ਕਾਰਜਾਂ ਲਈ ਕਰੋਡ਼ਾਂ ਰੁਪਏ ਦੀਆਂ ਗਰਾਂਟਾਂ ਵੀ ਪਾਸ ਹੋਈਆਂ ਹਨ।
ਸਾਬਕਾ ਆਈ. ਏ. ਐੱਸ. ਅਧਿਕਾਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਡਾ. ਅਮਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਸਬ ਡਵੀਜ਼ਨ ਰਾਏਕੋਟ ਵਿੱਚ ਕੀਤੇ ਕਾਰਜਾਂ ਦਾ ਅੱਜ ਰਿਪੋਰਟ ਕਾਰਡ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 10 ਨਵੇਂ ਡਿਗਰੀ ਖੋਲੇ ਜਾ ਰਹੇ ਹਨ, ਜਿਨਾਂ ਵਿੱਚ ਇੱਕ ਕਾਲਜ ਰਾਏਕੋਟ ਵਿਖੇ ਖੁੱਲੇਗਾ। ਇਸ ਕਾਲਜ ਦੇ ਖੁੱਲਣ ਨਾਲ ਇਸ ਖੇਤਰ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਹੁਣ ਲੰਮਾ ਪੈਂਡਾ ਪਾਰ ਕਰਕੇ ਨਹੀਂ ਜਾਣਾ ਪਵੇਗਾ। ਇਸ ਕਾਲਜ ਲਈ ਉੱਚਿਤ ਜਗਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਕਾਲਜ ਦਾ ਨੀਂਹ ਪੱਥਰ ਰੱਖਣ ਉਪਰੰਤ ਉਸਾਰੀ ਕਾਰਜ ਸ਼ੁਰੂ ਹੋ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ ਜਲਦ ਹੀ ਸਰਕਾਰੀ ਆਈ. ਟੀ. ਆਈ. ਵੀ ਖੋਲਣ ਦਾ ਪ੍ਰਸਤਾਵ ਹੈ। ਇਸ ਸੰਬੰਧੀ ਵੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ, ਪੰਜਾਬ ਵੱਲੋਂ ਜ਼ਿਲਾ ਪ੍ਰਸਾਸ਼ਨ ਨਾਲ ਚਿੱਠੀ ਪੱਤਰ ਕਰਕੇ ਇਸ ਪ੍ਰਸਤਾਵ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਲਈ ਨਵਾਂ ਬੱਸ ਅੱਡਾ ਅਤੇ ਹੋਰ ਪ੍ਰੋਜੈਕਟ ਵੀ ਲਿਆਂਦੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਰਾਏਕੋਟ ਸ਼ਹਿਰ ਨੂੰ ਫਾਇਰ ਬ੍ਰਿਗੇਡ ਦੀ ਸਹੂਲਤ ਦੇ ਕੇ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਸੀ।
ਉਨਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ 2 ਕਰੋਡ਼ ਰੁਪਏ ਦੀ ਗਰਾਂਟ, ਬਿਜਲੀ ਟਰਾਂਸਮਿਸ਼ਨ ਸੁਧਾਰ ਲਈ 7 ਕਰੋਡ਼ ਰੁਪਏ, 42 ਪਿੰਡਾਂ ਦੀਆਂ ਸਡ਼ਕਾਂ ਦੀ ਮੁਰੰਮਤ ਲਈ 11 ਕਰੋਡ਼ ਰੁਪਏ, ਰਾਏਕੋਟ ਤੋਂ ਜਗਰਾਂਉ ਸਡ਼ਕ ਲਈ 4.75 ਕਰੋਡ਼ ਰੁਪਏ, ਹਲਵਾਰਾ ਪੱਖੋਵਾਲ ਸਡ਼ਕ ਲਈ 2.74 ਲੱਖ ਰੁਪਏ ਪਾਸ ਕਰਵਾਏ ਗਏ ਹਨ। ਪਿੰਡ ਲੋਹਟਬੱਦੀ ਵਿਖੇ ਨਵਾਂ ਬਿਜਲੀ ਗ੍ਰਿਡ ਚਾਲੂ ਕਰਵਾਇਆ ਗਿਆ ਹੈ। ਕਈ ਪਿੰਡਾਂ ਵਿੱਚ ਬੰਦ ਪਈ ਬੱਸ ਸੇਵਾ ਮੁਡ਼ ਚਾਲੂ ਕਰਵਾਈ ਗਈ ਹੈ। ਸ਼ਹਿਰ ਰਾਏਕੋਟ ਵਿੱਚ ਚੱਲ ਰਹੇ ਸੀਵਰੇਜ ਸਿਸਟਮ ਦੀ ਬਹੁਤ ਹੀ ਮਾਡ਼ੀ ਸਥਿਤੀ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ 20 ਸਾਲ ਬਾਅਦ ਇਸ ਦੀ ਜੈਟਿੰਗ ਮਸ਼ੀਨ ਨਾਲ ਸਫਾਈ ਕਰਵਾਈ ਗਈ ਹੈ। ਇਸ ਮੌਕੇ ਹੋਰਨਾਂ ਤੋਂ ਸੀਨੀਅਰ ਯੂਥ ਕਾਂਗਰਸੀ ਆਗੂ ਅਤੇ ਓ. ਐੱਸ. ਡੀ.ਜਗਪ੍ਰੀਤ ਸਿੰਘ ਬੁੱਟਰ ਅਤੇ ਹੋਰ ਕਈ ਹਾਜ਼ਰ ਸਨ।