![]()

ਵਿਭਾਗ ਵੱਲੋਂ ਪਹਿਲੀ ਮਈ ਤੋਂ ਟੀਕਾਕਰਨ ਦੀਆਂ ਤਿਆਰੀਆਂ ਮੁਕੰਮਲ
ਲੁਧਿਆਣਾ, 25 ਅਪ੍ਰੈੱਲ ( ਸਤ ਪਾਲ ਸੋਨੀ ) : ਦੇਸ਼ ਭਰ ਵਿਚੋ ਖਸਰੇ ਨੂੰ ਜਡ਼ੋ ਪੁੱਟਣ ਅਤੇ ਰੁਬੇਲਾ ਦੀ ਰੋਕਥਾਮ ਲਈ ਜ਼ਿਲਾ ਸਿਹਤ ਪ੍ਰਸ਼ਾਸ਼ਨ ਵੱਲੋਂ ਪਹਿਲੀ ਮਈ 2018 ਤੋ ਖਸਰਾ ਤੇ ਰੁਬੇਲਾ ਦੇ ਖਿਲਾਫ ਜ਼ਿਲਾ ਪੱਧਰੀ ਟੀਕਾਕਰਨ ਮੁਹਿੰਮ ਸ਼ੂਰੁ ਕੀਤੀ ਜਾ ਰਹੀ ਹੈ। ਅੱਜ ਇੱਥੇ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਐਮ.ਆਰ. ਮੁਹਿੰਮ ਦੇਸ਼ ਭਰ ਵਿਚ 13 ਸੂਬਿਆਂ ਵਿਚ 7 ਤੋ 8 ਕਰੋਡ਼ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀ ਹੈ ਅਤੇ ਚੌਥੇ ਪਡ਼ਾਅ ਵਿੱਚ ਇਹ ਮਹਿੰਮ ਪੰਜਾਬ ਵਿਚ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਜ਼ਿਲੇ ਵਿਚ 9 ਮਹੀਨੇ ਤੋ ਲੈ ਕੇ 15 ਸਾਲ ਤੱਕ ਦੀ ਉਮਰ ਦੇ ਕਰੀਬ 12.55 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਸਕੂਲਾਂ ਨੂੰ ਲਿਆ ਜਾਵੇਗਾ ਅਤੇ ਬਾਅਦ ਵਿਚ ਦੂਰ ਦੁਰਾਡੇ ਦੇ ਸਿਹਤ ਕੇਂਦਰਾਂ ਵਿੱਚ ਇਹ ਸਕੀਮ ਚਲਾਈ ਜਾਵੇਗੀ। ਇਸ ਸਕੀਮ ਤਹਿਤ ਹਰੇਕ ਬੱਚੇ ਲਈ ਇੱਕ ਵਾਰ ਵਰਤੀਆਂ ਜਾਣ ਵਾਲੀਆਂ ਸਰਿੰਜਾਂ (ਆਟੋ ਡਿਸਏਬਲ ਸਰਿੰਜਾਂ) ਦਾ ਹੀ ਇਸਤੇਮਾਲ ਹੋਵੇਗਾ। ਇਸ ਸਕੀਮ ਤਹਿਤ ਟੀਕਾਕਰਨ ਲਈ ਸਿਹਤਕਰਮੀਆਂ ਦੀਆਂ ਟੀਮਾਂ ਪੂਰੀ ਤਰਾਂ ਹੁਨਰਮੰਦ ਹਨ, ਜਿਹਡ਼ੇ ਆਮ ਟੀਕਾਕਰਨ ਪ੍ਰੋਗਰਾਮ ਨੂੰ ਨੇਪਰੇ ਚਾਡ਼ਨ ਦਾ ਤਜ਼ਰਬਾ ਰੱਖਦੇ ਹਨ। ਪੂਰੇ ਜ਼ਿਲੇ ਦੇ ਬੱਚਿਆਂ ਨੂੰ ਇਸ ਸਕੀਮ ਦੇ ਘੇਰੇ ਵਿਚ ਲਿਆਉਣ ਦਾ ਖਾਕਾ ਖਿੱਚਦਿਆਂ ਸਿਵਲ ਸਰਜਨ ਡਾ. ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਲਗਭਗ 488 ਟੀਕਾਕਰਨ ਟੀਮਾਂ ਅਤੇ 163 ਸੁਪਰਵਾਈਜਰਾਂ ਵੱਲੋਂ 2989 ਸਕੂਲਾਂ ਵਿੱਚ ਲਗਭਗ 4656 ਟੀਕਾਕਰਨ ਸ਼ੈਸ਼ਨ ਲਗਾਏ ਜਾਣਗੇ। ਉਨਾ ਦੱਸਿਆ ਕਿ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਮੁਹਿੰਮ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਮੀਜ਼ਲ ਅਤੇ ਰੁਬੇਲਾ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਖਸਰਾ ਘਾਤਕ ਅਤੇ ਛੂਤ ਦਾ ਰੋਗ ਹੈ ਅਤੇ ਇਸ ਨਾਲ ਪੂਰੇ ਦੇਸ਼ ਵਿਚ ਸਾਲਾਨਾ 49000 ਬੱਚਿਆਂ ਦੀ ਮੌਤ ਹੁੰਦੀ ਹੈ। ਇਹ ਭਾਰਤ ਵਿਚ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਖਸਰੇ ਤੋਂ ਬਚਾਅ ਲਈ ਬੱਚਿਆਂ ਨੂੰ ਵਿਸ਼ੇਸ਼ ਟੀਕਾਕਰਨ ਦੀਆਂ ਦੋ ਖੁਰਾਕਾਂ ਦੇਣੀਆਂ ਪੈਦੀਆਂ ਹਨ। ਰੁਬੇਲਾ ਵੀ ਇੱਕ ਤਰਾਂ ਛੂਤ ਦਾ ਰੋਗ ਹੈ, ਜੋ ਬੱਚਿਆਂ ਅਤੇ ਬਾਲਗਾਂ ਵਿਚ ਮੌਤ ਦਾ ਕਾਰਨ ਬਣਦਾ ਹੈ ਅਤੇ ਜੇਕਰ ਗਰਭਵਤੀ ਔਰਤ ਇਸ ਵਿਸ਼ਾਣੂ ਦੀ ਲਪੇਟ ਵਿਚ ਆ ਜਾਵੇ ਤਾਂ ਨਵਜੰਮੇ ਬੱਚਿਆਂ ਵਿਚ ਕਈ ਤਰਾਂ ਦੀ ਅਪੰਗਤਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਉਨਾਂ ਅੱਗੇ ਕਿਹਾ ਕਿ ਰੁਬੇਲਾ ਗਰਭਪਾਤ, ਜਨਮ ਸਮੇ ਮੌਤ ਅਤੇ ਗੰਭੀਰ ਜਮਾਂਦਰੂ ਬਿਮਾਰੀਆਂ ਸਮੇਤ ਛੋਟੇ ਬੱਚਿਆਂ ਵਿਚ ਬਹਿਰਾਪਣ ਤੇ ਨੇਤਰਹੀਣਤਾ ਦਾ ਕਾਰਨ ਬਣਦਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਸਾਰੇ ਬੱਚਿਆਂ ਵਿੱਚ ਰੋਗਾਂ ਨਾਲ ਲਡ਼ਨ ਦੀ ਤਾਕਤ ਵਧਾਉਣਾ ਹੈ ਤਾਂ ਜੋ ਇਸ ਮੁਹਿੰਮ ਦੁਆਰਾ ਖਸਰੇ, ਅਪੰਗਤਾ ਤੇ ਜਮਾਂਦਰੂ ਬਿਮਾਰੀਆਂ ਦੇ ਮਾਮਲੇ ਨੂੰ ਖਤਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਪੋਲੀਓ ਦੀ ਬਿਮਾਰੀ ਤੋ ਮੁਕਤੀ ਵਾਂਗ ਹੁਣ 2020 ਤੱਕ ਸੂਬੇ ਤੇ ਦੇਸ਼ ਨੂੰ ਖਸਰੇ ਤੇ ਰੁਬੇਲਾ ਤੋ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਉਨਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਮੁਹਿੰਮ ਨੂੰ ਤਿੰਨ ਰਣਨੀਤੀਆਂ (ਪਹਿਲੀ ਸਕੂਲਾਂ ਤੇ ਅਧਾਰਿਤ, ਦੂਜੀ ਆਊਟਰੀਚ ਸ਼ੈਸ਼ਨ ਲਗਾਕੇ ਅਤੇ ਤੀਜੀ ਸਵੀਪ ਐਕਟੀਵਿਟੀ) ਤਹਿਤ ਲਾਗੂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪਹਿਲੀ ਰਣਨੀਤੀ ਅਨੁਸਾਰ ਸਰਕਾਰੀ, ਸਰਕਾਰ ਤੋ ਮਾਨਤਾ ਪ੍ਰਾਪਤ, ਪ੍ਰਾਈਵੇਟ, ਆਰਮੀ, ਡੇਅ ਕੇਅਰ ਸੈਟਰ, ਮਦਰੱਸੇ, ਪਲੇਅ ਵੇਅ ਅਤੇ ਕਰੈਚਾਂ ਵਿਚ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਦੂਜੇ ਪਡ਼ਾਅ ਵਿਚ ਆਊਟਰੀਚ ਸੈਸ਼ਨ ਲਗਾ ਕੇ ਸਿਹਤ ਕਰਮੀਆਂ ਵੱਲੋ ਬੱਚਿਆਂ ਨੂੰ ਐਮ.ਆਰ. ਦਾ ਟੀਕਾ ਲਗਾਇਆ ਜਾਵੇਗਾ। ਜੇਕਰ ਪਹਿਲੇ ਦੋ ਗੇਡ਼ਾਂ ਵਿੱਚ ਵੀ ਕੁਝ ਬੱਚੇ ਐਮ.ਆਰ. ਦਾ ਟੀਕਾ ਲਗਵਾਉਣ ਤੋ ਵਾਂਝੇ ਰਹਿ ਗਏ ਤਾਂ ਉਨਾਂ ਨੂੰ ਸਵੀਪ ਐਕਟੀਵਿਟੀ ਵਿੱਚ ਕਵਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਜ਼ਿਲਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਗਗਨ ਸ਼ਰਮਾ, ਡਾ. ਪੁਨੀਤ ਜੁਨੇਜਾ ਤੇ ਹੋਰ ਅਧਿਕਾਰੀ ਹਾਜ਼ਰ ਸਨ।