![]()

ਲੁਧਿਆਣਾ, 20 ਅਪ੍ਰੈਲ ( ਸਤ ਪਾਲ ਸੋਨੀ ) : ਭਾਰਤ ਸਰਕਾਰ ਵੱਲੋਂ 14 ਅਪ੍ਰੈਲ ਤੋਂ 5 ਮਈ ਤੱਕ ਆਰੰਭੇ ‘ਗਰਾਮ ਸਵਰਾਜ ਅਭਿਆਨ’ ਤਹਿਤ ਅੱਜ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਵਿਖੇ ਤੇਲ ਅਤੇ ਗੈਸ ਕੰਪਨੀਆਂ ਵੱਲੋਂ ਮਨਾਏ ਗਏ ‘ਉਜਵਲਾ ਦਿਵਸ’ ਅਧੀਨ ਲੋਕਾਂ ਨੂੰ ਐਲ.ਪੀ.ਜੀ. ਪ੍ਰਤੀ ਜਾਗਰੂਕ ਕੀਤਾ ਗਿਆ ਜਦਕਿ ਜ਼ਿਲੇ ਦੇ 5000 ਤੋਂ ਵਧੇਰੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਰਾਹੀਂ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ ਗਈ।
ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਅਨੁਸਾਰ ਲੁਧਿਆਣਾ ਦੇ ਬਚਨ ਗੈਸ ਏਜੰਸੀ ਵਿਖੇ ਹੋਏ ਸਮਾਗਮ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨਾਂ ਦੀ ਵੰਡ ਦੀ ਰਸਮ ਨਿਭਾਈ ਗਈ। ਇਸ ਤੋਂ ਇਲਾਵਾ ਪਿੰਡ ਸੰਗੋਵਾਲ ਵਿਖੇ ਵੀ ਭਾਰਤ ਪੈਟਰੋਲੀਅਮ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਰੂਪ ਸਿੰਘ ਸਕੱਤਰ ਜ਼ਿਲਾ ਪ੍ਰੀਸ਼ਦ ਲੁਧਿਆਣਾ, ਕਰਨਵੀਰ ਸਿੰਘ ਈ.ਟੀ.ਓ., ਭਾਰਤ ਪੈਟਰੋਲੀਅਮ ਵੱਲੋਂ ਦੀਪਕ ਕੁਮਾਰ ਅਤੇ ਨਵੀਨ ਕੁਮਾਰ ਅਤੇ ਗੁਰਮੇਲ ਸਿੰਘ ਸੰਗੋਵਾਲ ਨੇ ਸ਼ਿਰਕਤ ਕੀਤੀ। ਹੋਰ ਵੱਖ-ਵੱਖ ਸਮਾਗਮਾਂ ਵਿੱਚ ਵੀ ਸਥਾਨਕ ਵਿਧਾਇਕਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੇ ਗੈਸ ਕੁਨੈਕਸ਼ਨ ਵੰਡਣ ਦੀ ਰਸਮ ਨਿਭਾਈ।
ਵੱਖ-ਵੱਖ ਪਿੰਡਾਂ ਵਿੱਚ ਮਨਾਏ ਗਏ ਦਿਵਸ ਸਮਾਗਮਾਂ ਵਿੱਚ ਜ਼ਿਲੇ ਦੇ ਸਮੂਹ ਐਲ.ਪੀ.ਜੀ. ਵਿਤਰਕਾਂ ਵੱਲੋਂ ਸਹਿਯੋਗ ਦਿੱਤਾ ਗਿਆ ਅਤੇ ਪਿੰਡਾਂ ਦੇ ਲੋਕਾਂ ਖਾਸ ਕਰ ਸੁਆਣੀਆਂ ਨੂੰ ਐਲ.ਪੀ.ਜੀ. ਦੀ ਵਰਤੋਂ ਨਾਲ ਸਾਫ਼-ਸੁੱਥਰਾ ਭੋਜਨ ਪਕਾਉਣ ਦਾ ਤਰੀਕਾ, ਸਿਹਤ, ਵਾਤਾਵਰਣ, ਸੁਰੱਖਿਆ ਅਤੇ ਵਾਜਿਬਤਾ ਗੁਣਾਂ ਬਾਰੇ ਦੱਸਿਆ ਗਿਆ। ਇਸ ਮੌਕੇ ਤੇਲ ਤੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 8 ਕਰੋੜ ਹੋਰ ਦਿਹਾਤੀ ਲਾਭਪਾਤਰੀਆਂ ਨੂੰ ਐਲ.ਪੀ.ਜੀ. ਕੁਨੈਕਸ਼ਨ ਦੇਣ ਦਾ ਟੀਚਾ ਮਿੱਥਿਆ ਗਿਆ ਹੈ।