![]()

ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ 16 ਸਿੱਖਿਆਰਥੀਆਂ ਦੀ ਸਨਅਤੀਆਂ ਇਕਾਈਆਂ ਵਿੱਚ ਚੋਣ,ਚਾਰ ਨੌਜਵਾਨ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ
ਲੁਧਿਆਣਾ, 28 ਮਾਰਚ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਘਰ-ਘਰ ਰੋਜ਼ਗਾਰ’ ਯੋਜਨਾ ਤਹਿਤ ਨੌਜਵਾਨਾਂ ਦੇ ਆਪਣੀ ਯੋਗਤਾ ਮੁਤਾਬਿਕ ਰੋਜ਼ਗਾਰ ਪ੍ਰਾਪਤ ਕਰਨ ਦੇ ਸੁਪਨੇ ਸਾਕਾਰ ਹੋਣ ਲੱਗੇ ਹਨ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਥਾਂ-ਥਾਂ ਰੋਜ਼ਗਾਰ ਮੇਲੇ ਲਗਾ ਕੇ 1,61, 522 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਉਥੇ ਹੀ ਹੁਣ ਅਲੱਗ-ਅਲੱਗ ਕਿੱਤਾਮੁੱਖੀ ਸਿਖ਼ਲਾਈ ਸੰਸਥਾਵਾਂ ਵੀ ਨੌਜਵਾਨਾਂ ਨੂੰ ਸਿਖ਼ਲਾਈ ਦੇਣ ਉਪਰੰਤ ਰੋਜ਼ਗਾਰ ਮੁਹੱਈਆ ਕਰਾਉਣ ਲਈ ਦ੍ਰਿੜ ਯਤਨਸ਼ੀਲ ਹਨ। ‘ਘਰ-ਘਰ ਰੋਜ਼ਗਾਰ’ ਯੋਜਨਾ ਦੀ ਲੜੀ ਤਹਿਤ ਸਥਾਨਕ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ, ਗਿੱਲ ਰੋਡ ਦੇ 16 ਵਿਦਿਆਰਥੀਆਂ ਨੂੰ ਅਲੱਗ-ਅਲੱਗ ਸਨਅਤੀ ਇਕਾਈਆਂ ਵਿੱਚ ਨੌਕਰੀ ਪ੍ਰਾਪਤ ਹੋਈ ਹੈ, ਜਿਸ ਨਾਲ ਉਹ ਬਹੁਤ ਹੀ ਉਤਸ਼ਾਹਿਤ ਹਨ।
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੀ ਇੰਚਾਰਜ ਮਿਸ ਸਵਾਤੀ ਠਾਕੁਰ ਅਤੇ ਇੰਸਟਰੱਕਟਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਵਿੱਚੋਂ ਤਿੰਨ ਮਹੀਨੇ ਦਾ ਫਿੱਟਰ ਮਕੈਨੀਕਲ ਅਸੈਂਬਲੀ ਦਾ ਕੋਰਸ ਕਰਨ ਵਾਲੇ 20 ਸਿੱਖਿਆਰਥੀਆਂ ਦੇ ਬੈਚ ਵਿੱਚੋਂ 16 ਸਿੱਖਿਆਰਥੀਆਂ ਨੂੰ ਸ਼ਹਿਰ ਦੀਆਂ ਨਾਮੀਂ ਸਨਅਤਾਂ ਵਿੱਚ ਨੌਕਰੀ ਪ੍ਰਾਪਤ ਹੋਈ ਹੈ। ਇਨਾਂ ਮੈਨੂਫੈਕਚਰਿੰਗ ਸਨਅਤਾਂ ਵਿੱਚ ਬਜਾਜ ਸੰਨਜ਼ ਲਿਮਿਟਡ ਫੋਕਲ ਪੁਆਇੰਟ, ਜੇ. ਪੀ. ਸਾਈਕਲਜ਼ ਅਤੇ ਭਗਵਾਨ ਸੰਨਜ਼ ਸ਼ਾਮਿਲ ਹਨ। ਜਦਕਿ ਚਾਰ ਸਿੱਖਿਆਰਥੀ ਸਵੈ-ਰੋਜ਼ਗਾਰ ਸ਼ੁਰੂ ਕਰਨ ਜਾ ਰਹੇ ਹਨ। ਇਨਾਂ ਸਿੱਖਿਆਰਥੀਆਂ ਦਾ ਬੈਚ ਦਸੰਬਰ 2017 ਵਿੱਚ ਸ਼ੁਰੂ ਹੋ ਕੇ ਮਾਰਚ 2018 ਵਿੱਚ ਸਮਾਪਤ ਹੋਇਆ ਸੀ। ਇਸ ਤਰਾਂ ਇਨਾਂ ਨੂੰ ਕੋਰਸ ਕਰਨ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਰੋਜ਼ਗਾਰ ਮਿਲ ਗਿਆ ਹੈ।
ਉਨਾਂ ਦੱਸਿਆ ਕਿ ਇਨਾਂ ਨੌਜਵਾਨਾਂ ਨੂੰ 2 ਮਹੀਨੇ ਦੇ ਪਰਖ ਕਾਲ ਦੌਰਾਨ ਘੱਟੋ-ਘੱਟ ਤਨਖ਼ਾਹ 8000 ਰੁਪਏ ਮਿਲੇਗੀ, ਜਦਕਿ ਓਵਰ ਟਾਈਮ ਕਰਨ ‘ਤੇ ਵਾਧੂ ਮਿਹਨਤਾਨਾ ਮਿਲੇਗਾ। ਪਰਖ਼ ਕਾਲ ਪੂਰਾ ਹੋਣ ‘ਤੇ ਇਨਾਂ ਨੂੰ ਈ. ਐੱਸ. ਆਈ. ਅਤੇ ਈ. ਪੀ. ਐੱਫ਼. ਸਮੇਤ ਹੋਰ ਸਹੂਲਤਾਂ ਮੁਹੱਈਆ ਹੋਣਗੀਆਂ ਅਤੇ ਤਨਖ਼ਾਹ ਵਿੱਚ ਵੀ ਇਜ਼ਾਫਾ ਹੋਵੇਗਾ।
ਉਨਾਂ ਦੱਸਿਆ ਕਿ ਇਸ ਸੰਸਥਾ ਵਿੱਚ ਮਾਰਚ 2017 ਵਿੱਚ ਵੱਖ-ਵੱਖ ਕੋਰਸਾਂ ਲਈ ਕਲਾਸਾਂ ਸ਼ੁਰੂ ਹੋਈਆਂ ਸਨ, ਜਿਸ ਦੇ ਹੁਣ ਤੱਕ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ। ਹੁਣ ਤੱਕ ਇਥੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਵਿੱਚੋਂ 50 ਫੀਸਦੀ ਤੋਂ ਵਧੇਰੇ ਸਿੱਖਿਆਰਥੀਆਂ ਦੀ ਵੱਖ-ਵੱਖ ਉਦਯੋਗਿਕ ਇਕਾਈਆਂ ਵਿੱਚ ਪਲੇਸਮੈਂਟ ਹੋ ਚੁੱਕੀ ਹੈ ਅਤੇ ਉਹ ਵਧੀਆ ਤਨਖ਼ਾਹ ਲੈ ਰਹੇ ਹਨ, ਜਦਕਿ ਬਾਕੀ ਸਿੱਖਿਆਰਥੀਆਂ ਨੇ ਆਪਣੇ ਰੋਜ਼ਗਾਰ ਜਾਂ ਤਾਂ ਸ਼ੁਰੂ ਕਰ ਲਏ ਹਨ ਜਾਂ ਫਿਰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ। ਉਨਾਂ ਦੱਸਿਆ ਕਿ ਸੈਂਟਰ ਵਿਖੇ ਚੱਲ ਰਹੇ ਸ਼ਾਰਟ ਟਰਮ ਕੋਰਸਾਂ ਵਿੱਚ 6 ਬਿਲਕੁਲ ਮੁਫ਼ਤ ਹਨ, ਜਦਕਿ 3 ਕੋਰਸਾਂ ਲਈ ਬਹੁਤ ਹੀ ਨਿਗੂਣੀ ਫੀਸ ਦੇਣੀ ਪੈਂਦੀ ਹੈ। ਇਨਾਂ ਸਾਰੇ ਕੋਰਸਾਂ ਲਈ ਵਿਦਿਅਕ ਯੋਗਤਾ 10ਵੀਂ ਜਾਂ 12ਵੀਂ ਜਮਾਤ ਪਾਸ ਜ਼ਰੂਰੀ ਹੈ। ਸ਼ਾਰਟ ਟਰਮ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਾਰੀ ਸਿਖ਼ਲਾਈ, ਵਰਦੀ ਅਤੇ ਪ੍ਰੈਕਟੀਕਲ ਦੀ ਸਹੂਲਤ ਬਿਲਕੁਲ ਮੁਫ਼ਤ ਹੈ।