![]()

ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਦਿੱਤੀਆਂ ਹਦਾਇਤਾਂ
ਲੁਧਿਆਣਾ 15 ਮਾਰਚ ( ਸਤ ਪਾਲ ਸੋਨੀ) : ਜ਼ਿਲੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ‘ਤੇ ਪੂਰੀ ਤਰਾਂ ਰੋਕ ਲਗਾਉਣ ਲਈ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਅਤੇ ਡਿਪਟੀ ਪੁਲਿਸ ਕਮਿਸ਼ਨਰ ਅਸ਼ਵਨੀ ਕਪੂਰ ਵੱਲੋਂ ਉਚ ਅਧਿਕਾਰੀਆਂ ਸਮੇਤ ਮਾਈਨਿੰਗ ਸਥਾਨਾਂ/ਵੱਖ-ਵੱਖ ਪਿੰਡਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਡਿਪਟੀ ਕਮਿਸ਼ਨਰ, ਡਿਪਟੀ ਪੁਲਿਸ ਕਮਿਸ਼ਨਰ, ਉਪ-ਮੰਡਲ ਮੈਜਿਸਟ੍ਰੈਟ ਅਮਰਜੀਤ ਸਿੰਘ ਬੈਂਸ ਅਤੇ ਦਮਨਜੀਤ ਸਿੰਘ ਮਾਨ ਨੇ ਮਾਛੀਵਾਡ਼ਾ ਨਜ਼ਦੀਕ ਪਿੰਡ ਰਣੀਆ ਵਿਖੇ ਮੌਕੇ ‘ਤੇ ਜਾ ਕੇ ਰੇਤੇ ਅਤੇ ਬਜਰੀ ਨਾਲ ਭਰੇ ਓਵਰ ਲੋਡ ਟਿੱਪਰਾਂ ਦੇ ਕਾਗਜਾਤ ਚੈਕ ਕੀਤੇ ਅਤੇ ਡਿਪਟੀ ਕਮਿਸ਼ਨਰ ਵੱਲੋਂ ਟਿੱਪਰ ਡਰਾਈਵਰਾਂ ਨੂੰ ਟਿੱਪਰ ਵਿੱਚ ਰੇਤਾ ਆਦਿ ਲੋਡ ਕਰਨ ਦੀ ਕਪੈਸਟੀ ਪੁੱਛੀ ਗਈ। ਉਨਾਂ ਕਾਗਜਾਤ ਆਦਿ ਦਿਖਾਉਣ ਵਿੱਚ ਨਕਾਮ ਰਹਿਣ ਵਾਲੇ ਟਿੱਪਰ ਚਾਲਕਾਂ ਖਿਲਾਫ ਬਣਦੀ ਕਾਰਵਾਈ ਦੇ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਤੋਂ ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਸਮੇਤ ਅਧਿਕਾਰੀਆਂ ਪਿੰਡ ਚੱਕ ਡੋਗਾਂ, ਸਤਲੁਜ ਨੇਡ਼ੇ ਮਾਈਨਿੰਗ ਸਥਾਨਾਂ ਦੀ ਚੈਕਿੰਗ ਕੀਤੀ। ਉਨਾਂ ਨੇ ਜਿਲਾ ਸ਼ਹੀਦ ਭਗਤ ਸਿੰਘ ਹਦੂਦ ਅੰਦਰ ਪੈਂਦੇ ਮਾਈਨਿੰਗ ਸਥਾਨ ਦੀ ਵੀ ਚੈਕਿੰਗ ਕੀਤੀ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਸੇਖੇਵਾਲ ਅਤੇ ਗਡ਼ੀ ਤਰਖਾਣਾ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਹੀਂ ਹੋਵੇਗੀ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਮੇਨੈਜ਼ਰ ਜ਼ਿਲਾ ਉਦਯੋਗ ਕੇਂਦਰ ਲੁਧਿਆਣਾ ਅਮਰਜੀਤ ਸਿੰਘ,
ਏ.ਡੀ.ਸੀ.ਪੀ.-4 ਰਾਜਵੀਰ ਸਿੰਘ ਬੋਪਾਰਾਏ, ਏ.ਸੀ.ਪੀ. ਸਾਹਨੇਵਾਲ ਹਰਕਮਲ ਕੌਰ ਅਤੇ ਡਰੇਨਜ਼ ਤੇ ਮਾਲ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।