![]()

• ਪੰਜਾਬ ਸਰਕਾਰ ਵੱਲੋਂ ਰਾਜਪੁਰਾ ਵਿਖੇ ਪ੍ਰਫੁੱਲਤ ਕੇਂਦਰ ਖੋਹਲਣ ਦੀ ਸਹਿਮਤੀ
ਲੁਧਿਆਣਾ 14, ਮਾਰਚ ( ਸਤ ਪਾਲ ਸੋਨੀ ) : ਐਸ.ਸੀ.-ਐਸ.ਟੀ. ਭਾਈਚਾਰੇ ਨੂੰ ਵੱਡੀ ਸਹੂਲਤ ਦੇਣ ਅਤੇ ਉਨਾਂ ਨੂੰ ਉਦਮੀ ਵਜੋਂ ਉਭਾਰਨ ਦੇ ਲਈ ਅੱਜ ਮਿਲਰ ਗੰਜ ਲੁਧਿਆਣਾ ਵਿਖੇ ਰਾਸ਼ਟਰੀ ਐਸ.ਸੀ.-ਐਸ.ਟੀ. ਹੱਬ ਦੇ ਖੇਤਰੀ ਦਫ਼ਤਰ ਦਾ ਉਦਘਾਟਨ ਰਵਿੰਦਰ ਨਾਥ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਇੰਟਰਪ੍ਰਾਈਜ਼ ਭਾਰਤ ਸਰਕਾਰ ਨੇ ਕੀਤਾ।
ਇਸ ਸਬੰਧੀ ਜ਼ਿਕਰ ਕਰਦਿਆ ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਦਾ ਐਲਾਨ 18 ਅਕਤੂਬਰ-2016 ਨੂੰ ਲੁਧਿਆਣਾ ਤੋਂ ਕੀਤਾ ਸੀ ਅਤੇ ਕਿਹਾ ਸੀ ਕਿ ਲੁਧਿਆਣਾ ਮਹੱਤਵਪੂਰਨ ਆਰਥਿਕ ਕੇਂਦਰ ਹੈ, ਜਿਸ ਕਾਰਨ ਮਾਈਕਰੋ, ਸਮਾਲ ਅਤੇ ਮੀਡੀਅਮ ਮੰਤਰਾਲਾ ਇੱਥੇ ਜਲਦੀ ਹੀ ਰਾਸ਼ਟਰੀ ਐਸ.ਸੀ.-ਐਸ.ਟੀ. ਹੱਬ ਦੇ ਖੇਤਰੀ ਦਫ਼ਤਰ ਦੀ ਸ਼ੁਰੂਆਤ ਕਰੇਗੀ, ਜੋ ਕਿ ਅੱਜ ਇਹ ਪੂਰੀ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜਪੁਰਾ ਵਿਖੇ ਪ੍ਰਫੁੱਲਤ ਕੇਂਦਰ ਖੋਹਲਣ ਦੀ ਸਹਿਮਤੀ ਵੀ ਦਿੱਤੀ ਗਈ ਹੈ।
ਹਾਜ਼ਰੀਨ ਨੂੰ ਸੰਬੋਧਨ ਕਰਦਿਆ ਚੇਅਰਮੈਨ ਰਵਿੰਦਰ ਨਾਥ ਨੇ ਦੱਸਿਆ ਕਿ ਪੰਜਾਬ ਦੀ 35 ਪ੍ਰਤੀਸ਼ਤ ਅਬਾਦੀ ਐਸ.ਸੀ. ਹੈ ਅਤੇ ਇਸ ਭਾਈਚਾਰੇ ਨੂੰ ਬੇਹਤਰੀ ਅਤੇ ਅਗੇ ਵੱਧਣ ਲਈ ਵਧੇਰੇ ਮੌਕਿਆ ਦੀ ਲੋੜ ਹੈ। ਉਹਨਾਂ ਦੱਸਿਆ ਕਿ ਨੈਸ਼ਨਲ ਐਸ.ਸੀ.ਐਸ.ਟੀ. ਹੱਬ ਉਹਨਾਂ ਦੀ ਲੋੜਾਂ ਦੀ ਪੂਰਤੀ ਕਰੇਗਾ, ਫਾਇਲਾਂ ਆਦਿ ਤਿਆਰ ਕਰਨ ਵਿੱਚ ਮੱਦਦ ਕਰੇਗਾ, ਬੈਂਕਾਂ ਤੋਂ ਅਸਾਨ ਕਰਜ਼ੇ ਲਈ ਮੀਟਿੰਗਾਂ ਦਾ ਪ੍ਰਬੰਧ ਕਰੇਗਾ ਅਤੇ ਦੇਸ਼-ਵਿਦੇਸ਼ ਵਿੱਚ ਪ੍ਰਦਰਸ਼ਨੀਆਂ ਲਗਾਉਣ ਵਿੱਚ ਸਹਾਇਤਾ ਕਰੇਗਾ। ਉਨਾਂ ਦੱਸਿਆ ਕਿ ਰਾਸ਼ਟਰੀ ਐਸ.ਸੀ.-ਐਸ.ਟੀ. ਹੱਬ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਪ੍ਰਤੀ ਜਾਗਰੂਕ ਕਰੇਗਾ ਤਾਂ ਜੋ ਐਸ.ਸੀ.-ਐਸ.ਟੀ.ਚਾਈਚਾਰੇ ਦਾ ਕੋਈ ਵੀ ਵਿਅਕਤੀ ਇਨਾਂ ਸਕੀਮਾਂ ਤੋਂ ਵਾਂਝਾ ਨਾ ਰਹਿ ਜਾਵੇ।
ਉਨਾਂ ਕਿਹਾ ਕਿ ਲੁਧਿਆਣਾ ਦੇ ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ ਵਜੋਂ ਵਿਕਸਤ ਹੋਣ ਨਾਲ ਸ਼ਹਿਰ ਅਤੇ ਸੂਬੇ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਤਾਂ ਮਿਲੇਗੀ ਹੀ, ਸਗੋਂ ਇਸ ਨਾਲ ਕੇਂਦਰੀ ਖਰੀਦ ਯੋਜਨਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਲਾਭ ਮਿਲੇਗਾ। ਦੱਸਣਯੋਗ ਹੈ ਕਿ ਕੇਂਦਰੀ ਖਰੀਦ ਯੋਜਨਾ-2012 ਤਹਿਤ ਕੇਂਦਰੀ, ਜਨਤਕ ਅਦਾਰੇ ਅਤੇ ਹੋਰ ਵਿਭਾਗਾਂ ਨੂੰ 20 ਫੀਸਦੀ ਖਰੀਦ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ ਤੋਂ ਜ਼ਰੂਰੀ ਕਰਨੀ ਨਿਰਧਾਰਤ ਕੀਤੀ ਗਈ ਹੈ। ਇਸ 20 ਫੀਸਦੀ ਵਿੱਚੋਂ 4 ਫੀਸਦੀ ਖਰੀਦ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਤੋਂ ਵੀ ਕਰਨੀ ਜ਼ਰੂਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਬਾਘਾ, ਸਾਬਕਾ ਚੇਅਰਮੈਨ ਐਸ.ਸੀ. ਕਮਿਸ਼ਨ, ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮ. ਜੌਨਲ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ, ਰਵੀ ਕਾਂਤ ਲੁਧਿਆਣਾ ਇਕਾਈ ਦੇ ਮੁੱਖੀ ਹਾਜ਼ਰ ਸਨ।