![]()

ਕਾਨਫਰੰਸ ਵਿੱਚ ਮਿਲੇ ਸੁਝਾਵਾਂ ਨੂੰ ਲਾਗੂ ਕਰਨ ਲਈ ਸਟੈਂਡਿੰਗ ਕਮੇਟੀ ਬਣੇਗੀ-ਡੀ.ਪੀ.ਜੀ. ਐਮ.ਕੇ.ਤਿਵਾੜੀ
ਲੁਧਿਆਣਾ 08 ਮਾਰਚ ( ਸਤ ਪਾਲ ਸੋਨੀ ) : ਅੱਜ ਇੱਥੇ ਗੁਰੂ ਨਾਨਕ ਦੇਵ ਭਵਨ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ‘ਤੇ ਪੁਲਿਸ ਵਿੱਚ ਔਰਤਾਂ ਦਾ ਰੋਲ ਵਿਸ਼ੇ ‘ਤੇ ਰਾਜ ਪੱਧਰੀ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿੱਚ ਦੇਸ਼ ਦੀ ਪਹਿਲੀ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਉਤਰਾਖੰਡ ਸੂਬੇ ਦੀ ਸਾਬਕਾ ਡੀ.ਜੀ.ਪੀ.ਕੰਚਨ ਚੌਧਰੀ ਭੱਟਾਚਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਉਨਾਂ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਔਰਤਾਂ ਦੀ ਪੁਲਿਸ ਵਿੱਚ ਭਰਤੀ ਦੇਖ ਕੇ ਬੇਹੱਦ ਖੁਸ਼ੀ ਹੁੰਦੀ ਹੈ। ਉਨਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਔਰਤਾਂ ਨੂੰ ਪੁਲਿਸ ਵਿੱਚ ਵੱਧ ਤੋਂ ਵੱਧ ਭਰਤੀ ਹੋਣ ਲਈ ਪਲੇਟਫਾਰਮ ਦਾ ਕੰਮ ਕਰਨਗੀਆਂ। ਉਨਾਂ ਕਿਹਾ ਕਿ ਪੁਲਿਸ ਵਿੱਚ ਕੰਮ ਕਰਨ ਲਈ ਹਰੇਕ ਔਰਤ ਨੂੰ ਹਰ ਖੇਤਰ ਵਿੱਚ ਕੰਮ ਕਰਨ ਦੇ ਇਕੋ ਜਿਹੇ ਮੌਕੇ ਮਿਲਦੇ ਹਨ।
ਡਾਇਰੈਕਟਰ ਜਨਰਲ ਆਫ ਪੁਲਿਸ (ਪ੍ਰਬੰਧ), ਪੰਜਾਬ ਐਮ.ਕੇ. ਤਿਵਾੜੀ ਨੇ ਵੀ ਇਸ ਕਾਨਫਰੰਸ ਵਿੱਚ ਭਾਗ ਲਿਆ। ਉਨਾਂ ਦੱਸਿਆ ਕਿ ਸਟੈਂਡਿੰਗ ਕਮੇਟੀ ਵੱਲੋਂ ਜੋਨਲ ਪੱਧਰ ਦੀਆਂ ਤਿੰਨ ਕਾਨਫਰੰਸਾਂ ਜੋ ਕਿ ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਵਿਖੇ ਹੋਈਆਂ ਵਿਚੋਂ ਮਿਲੇ ਸੁਝਾਵਾਂ ਨੂੰ ਇੱਕਤਰ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਨੂੰ ਉਚ ਅਧਿਕਾਰੀਆਂ ਨਾਲ ਵਿਚਾਰ ਕੇ ਤੈਅ ਸਮਾਂ ਸੀਮਾਂ ਅੰਦਰ ਲਾਗੂ ਕੀਤਾ ਜਾਵੇਗਾ।
ਗੁਰਪ੍ਰੀਤ ਕੌਰ ਆਈ.ਜੀ.ਪੀ. ਨੇ ਰਾਜ ਪੱਧਰੀ ਕਾਨਫਰੰਸ ਵਿੱਚ ਸ਼ਾਮਲ ਮਹਿਲਾ ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਈ ਵੀ ਮਰਦ ਪੁਲਿਸ ਅਧਿਕਾਰੀ ਤੰਗ ਪਰੇਸ਼ਨ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਲਈ ਅੰਦਰੂਨੀ ਕਮੇਟੀ ਤੱਕ ਪਹੁੰਚ ਕਰਨ ਤੋਂ ਹਿਚਕਾਉਣਾ ਨਹੀਂ ਚਾਹੀਦਾ ਹੈ। ਉਨਾਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਪੁਲਿਸ ਸੁਰੇਸ਼ ਅਰੋੜਾ ਪੁਲਿਸ ਔਰਤ ਕਰਮੀਆਂ ਦੀਆਂ ਸ਼ਿਕਾਇਤਾਂ ਪ੍ਰਤੀ ਬਹੁਤ ਗੰਭੀਰ ਹਨ ਅਤੇ ਔਰਤ ਕਰਮੀਆਂ ਨੂੰ ਨਿਆਂ ਦੇਣ ਲਈ ਤੁਰੰਤ ਕਾਰਵਾਈ ਕਰਦੇ ਹਨ।
ਇਸ ਮੌਕੇ ਉਤਰਾਖੰਡ ਸੂਬੇ ਦੀ ਸਾਬਕਾ ਡੀ.ਜੀ.ਪੀ. ਕੰਚਨ ਚੌਧਰੀ ਭੱਟਾਚਾਰੀਆ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ ਆਰ.ਐਨ ਢੋਕੇ, ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਅਨਿਤਾ ਪੁੰਜ, ਆਈ.ਜੀ.ਪੀ. (ਐਨ.ਆਰ.ਆਈ. ਮਾਮਲੇ ਅਤੇ ਔਰਤ ਭਲਾਈ) ਈਸ਼ਵਰ ਸਿੰਘ, ਆਈ.ਜੀ.ਪੀ. ਵੀ. ਨੀਰਜਾ, ਡੀ.ਆਈ. ਜੀ.-ਕਮ- ਜੁਆਇੰਟ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ, ਯੁਰਿੰੰਦਰ ਸਿੰਘ, ਏ.ਆਈ.ਜੀ. (ਸੀ.ਆਈ) ਗੁਰਪ੍ਰੀਤ ਸਿੰਘ ਤੂਰ, ਐਸ.ਐਸ.ਪੀ. ਫਤਹਿਗੜ ਸਾਹਿਬ ਅਲਕਾ ਮੀਨਾ ਅਤੇ ਦੂਸਰੇ ਜਿਲਿਆਂ ਦੇ ਅਧਿਕਾਰੀ ਵੀ ਹਾਜ਼ਰ ਸਨ।