![]()

ਲੁਧਿਆਣਾ, 15 ਫਰਵਰੀ ( ਸਤ ਪਾਲ ਸੋਨੀ ) : ਬਚਤ ਭਵਨ ਲੁਧਿਆਣਾ ਵਿਖੇ ਵਧੀਕ ਡਿਪਟੀ ਕਮਸ਼ਿਨਰ ਨੀਰੂ ਕਤਿਆਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ/ਅਧਿਕਾਰੀਆਂ ਦੀ ਐਮ.ਆਰ ਮੁਹਿੰਮ ਸਬੰਧੀ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਲੋਂ ਐਮ.ਆਰ ਮੁਹਿੰਮ ਸਬੰਧੀ ਪੈਂਫਲੇਂਟ ਵੀ ਜਾਰੀ ਕੀਤਾ ਗਿਆ।
ਮੀਟਿੰਗ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ ਵਲੋਂ ਸਮੂਹ ਅਧਿਕਾਰੀਆਂ ਨਾਲ ਮੁਹਿੰਮ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਕਿਹਾ ਕਿ ਐਮ.ਆਰ ਮੁਹਿੰਮ (ਮੀਜ਼ਲ, ਰੁਬੇਲਾ) ਮਹੀਨਾ ਅਪ੍ਰੈਲ ਵਿੱਚ ਪੰਜਾਬ ਭਰ ਵਿੱਚ ਸ਼ੁਰੂ ਹੋ ਰਹੀ ਹੈ, ਇਸ ਮੁਹੰਮ ਵਿੱਚ ਸਬੰਧਿਤ ਵਿਭਾਗਾਂ ਦੀ ਸ਼ਮੂਲੀਅਤ ਹੋਵੇਗੀ। 9 ਮਹੀਨੇ ਤੋਂ 15 ਸਾਲ ਤੱਕ ਦੇ ਉਮਰ ਦੇ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਹੈ। ਜ਼ਿਲੇ ਵਿੱਚ ਲਗਭਗ 18 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਖਸਰੇ ਦਾ ਪੂਰਨ ਤੌਰ ਤੇ ਖਾਤਮਾ ਅਤੇ ਰੁਬੈਲਾ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਈ ਰਾਜਾਂ ਵਿਚ ਇਹ ਮੁਹਿੰਮ ਸਫਲਤਾਪੂਰਵਕ ਨੇਪਰੇ ਚਾਡ਼ੀ ਜਾ ਚੁੱਕੀ ਹੈ। ਹੁਣ ਪੰਜਾਬ ਅਤੇ ਹਰਿਆਣਾ ਰਾਜ ਵਿੱਚ ਸ਼ੁਰੂ ਹੋਣ ਜਾ ਰਹੀ ਹੈ।ਇਸ ਮੁਹਿੰਮ ਦੇ ਨਾਲ ਹੀ ਇਹ ਟੀਕਾ ਰੁਟੀਨ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਛੋਟੇ ਬੱਚਿਆਂ ਦੇ ਮੁਫਤ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਡਾ. ਗਗਨ ਸ਼ਰਮਾ ਵਲੋਂ ਮੁਹਿੰਮ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।