![]()

ਜਸਟਿਸ ਰਣਜੀਤ ਸਿੰਘ ਪਡ਼ਤਾਲੀਆ ਕਮਿਸ਼ਨ ਨੇ ਗਵਾਹਾਂ ਦੇ ਬਿਆਨ ਲਏ
ਲੁਧਿਆਣਾ, 8 ਫਰਵਰੀ( ਸਤ ਪਾਲ ਸੋਨੀ ) : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਪਡ਼ਤਾਲੀਆ ਕਮਿਸ਼ਨ ਵੱਲੋਂ ਅੱਜ ਸ਼ਹਿਰ ਲੁਧਿਆਣਾ ਦਾ ਦੌਰਾ ਕੀਤਾ ਗਿਆ ਅਤੇ ਇਨਾਂ ਮਾਮਲਿਆਂ ਸੰਬੰਧੀ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ। ਇਸ ਕਮਿਸ਼ਨ ਦੀ ਅਗਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਕਰ ਰਹੇ ਹਨ।
ਕਮਿਸ਼ਨ ਨੇ ਸਭ ਤੋਂ ਪਹਿਲਾਂ ਚੰਦਰ ਨਗਰ ਸਥਿਤ ਮੱਲੀ ਫਾਰਮ ਹਾਊਸ ਵਿਖੇ ਉਸ ਘਟਨਾ ਦੀ ਜਾਂਚ ਕੀਤੀ ਜਿਸ ਤਹਿਤ ਇਥੇ ਸਾਲ 2016 ਦਸੰਬਰ ਮਹੀਨੇ ਦੌਰਾਨ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਸਟਿਸ ਰਣਜੀਤ ਸਿੰਘ ਆਪਣੇ ਸਾਥੀਆਂ ਸੰਯੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਅੰਗਰੇਜ਼ ਸਿੰਘ ਅਤੇ ਰਜਿਸਟਰਾਰ ਜੇ. ਪੀ. ਮਹਿਮੀ ਨਾਲ ਲੋਕਾਂ ਨੂੰ ਮਿਲੇ ਅਤੇ ਉਨਾਂ ਤੋਂ ਘਟਨਾਵਾਂ ਬਾਰੇ ਵੇਰਵੇ ਇਕੱਤਰ ਕੀਤੇ। ਇਸ ਮੌਕੇ ਨਾਲ ਹਾਜ਼ਰ ਪੁਲਿਸ ਅਧਿਕਾਰੀਆਂ ਦੇ ਵੀ ਬਿਆਨ ਲਏ ਗਏ।
ਇਸ ਤੋਂ ਬਾਅਦ ਕਮਿਸ਼ਨ ਵੱਲੋਂ ਮੁਹੱਲਾ ਫਤਹਿਗਡ਼, ਪ੍ਰਤਾਪ ਸਿੰਘ ਵਾਲਾ ਸਡ਼ਕ ਸਥਿਤ ਗਲੀ ਨੰਬਰ 6 ਅਤੇ ਬਾਬਾ ਨੰਦ ਸਿੰਘ ਨਗਰ ਵਿਖੇ ਵੀ ਘਟਨਾ ਸਥਾਨਾਂ ਦਾ ਦੌਰਾ ਕਰਕੇ ਲੋਕਾਂ ਦੇ ਬਿਆਨ ਲਏ ਗਏ। ਇਨਾਂ ਖੇਤਰਾਂ ਵਿੱਚ ਵੀ ਸਾਲ 2015 ਤੋਂ 2017 ਦੌਰਾਨ ਅਜਿਹੇ ਮਾਮਲੇ ਸਾਹਮਣੇ ਆਏ ਸਨ।
ਦੱਸਣਯੋਗ ਹੈ ਕਿ ਕਮਿਸ਼ਨ ਵੱਲੋਂ ਮਿਤੀ 12 ਫਰਵਰੀ ਨੂੰ ਪਿੰਡ ਰੁਡ਼ਕਾ ਨੇਡ਼ੇ ਮੁੱਲਾਂਪੁਰ, ਜਗਰਾਂਉ ਸਥਿਤ ਗਲੀ ਨੰਬਰ 5 ਨੇਡ਼ੇ ਗੁਰਦੁਆਰਾ ਸਾਹਿਬ ਮੁਹੱਲਾ ਅਜੀਤ ਨਗਰ, ਪਿੰਡ ਕਮਾਲਪੁਰਾ ਨੇਡ਼ੇ ਜਗਰਾਂਉ, ਪਿੰਡ ਜੰਡੀ ਪੁਲਿਸ ਸਟੇਸ਼ਨ ਸਿੱਧਵਾਂ ਬੇਟ, ਪਿੰਡ ਅਕਾਲਗਡ਼, ਅੱਬੂਵਾਲ ਰੋਡ ਸੁਧਾਰ ਵਿਖੇ ਅਤੇ ਇਸੇ ਤਰਾਂ ਮਿਤੀ 15 ਫਰਵਰੀ ਨੂੰ ਪਿੰਡ ਰਸੂਲਪੁਰ, ਪਿੰਡ ਲੰਮਾ, ਪਿੰਡ ਪਮਾਲ, ਮੁਹੱਲਾ ਅਜੀਤ ਕਲੋਨੀ ਗਿਆਸਪੁਰਾ ਅਤੇ ਪਿੰਡ ਲਿਬਡ਼ਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕੀਤਾ ਜਾਵੇਗਾ।