![]()

ਜਰਖਡ਼ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਦੇ ਰਹੀਆਂ ਹਨ ਤੰਦਰੁਸਤ ਸਰੀਰ : ਢੋਕੇ
ਲੁਧਿਆਣਾ, 7 ਫਰਵਰੀ ( ਸਤ ਪਾਲ ਸੋਨੀ ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖਡ਼ ਵੱਲੋਂ 10, 11 ਅਤੇ 12 ਫਰਵਰੀ ਨੂੰ 31ਵੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਤਿੰਨ ਰੋਜਾ ਖੇਡ ਮੇਲੇ ‘ਚ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏ ਆਈ ਜੀ ਇਟੈਂਲੀਜੈਂਸ ਪੰਜਾਬ, ਪ੍ਰਧਾਨ ਐਡਵੋਕੇਟ ਹਰਕੰਵਲ ਸਿੰਘ ਮੇਘੋਵਾਲ ਅਤੇ ਖੇਡ ਪ੍ਰੇਮੀ ਤੇ ਪੱਤਰਕਾਰ ਜਗਰੂਪ ਸਿੰਘ ਜਰਖਡ਼ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਆਰ ਐਨ ਢੋਕੇ ਨੂੰ ਸੱਦਾ ਪੱਤਰ ਦਿੱਤਾ। ਸ੍ਰੀ ਢੋਕੇ ਨੇ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਸਲਾਘਾ ਕਰਦਿਆਂ ਕਿ ਜਰਖਡ਼ ਖੇਡਾਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੀਆਂ ਹਨ ਉਥੇ ਹੀ ਨੌਜਵਾਨਾਂ ਨੂੰ ਨਿਰੋਗ ਤੇ ਤੰਦਰੁਸਤ ਸਰੀਰ ਵੀ ਦੇ ਰਹੀਆਂ ਹਨ। ਉਨਾਂ ਜਰਖਡ਼ ਖੇਡਾਂ ਦੀ ਤਰਜ ਤੇ ਹੋਰਨਾਂ ਖੇਡ ਕਲੱਬਾਂ ਨੂੰ ਵੀ ਅਜਿਹੇ ਉਪਰਾਲੇ ਜਿਆਦਾ ਤੋਂ ਜਿਆਦਾ ਕਰਨ ਲਈ ਕਿਹਾ। ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਮੇਘੋਵਾਲ ਨੇ ਦੱਸਿਆ ਕਿ 10 ਫਰਵਰੀ ਨੂੰ ਉਦਘਾਟਨੀ ਦਿਨ ਤੇ ਮਸ਼ਹੂਰ ਪੰਜਾਬੀ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਏਸੇ ਦਿਨ ਹੀ ਡੀ ਸੀ ਪੀ ਲੁਧਿਆਣਾ ਸ: ਗਗਨਅਜੀਤ ਸਿੰਘ ਜੇਹਡ਼ੇ ਆਪਣੀ ਹਾਕੀ ਨਾਲ ਹੈਟ੍ਰਿਕ ਗੋਲ ਕਰਨ ਵਾਲੇ ਮਸ਼ਹੂਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ। ਗਗਨਅਜੀਤ ਸਿੰਘ ਨੂੰ ਇਸ ਦਿਨ ਉਸੇ ਜਰਖਡ਼ ਖੇਡ ਗਰਾਊਂਡ ਵਿੱਚ ਸਨਮਾਨਿਤ ਕੀਤਾ ਜਾਵੇਗਾ ਜਿਥੇ ਪਿਛਲੇ ਸਮੇਂ ਵਿੱਚ ਉਨਾਂ ਦੀ ਹਾਕੀ ਆਪਣਾ ਜਾਦੂ ਦਿਖਾ ਚੁੱਕੀ ਹੈ। 11 ਫਰਵਰੀ ਨੂੰ ਇੱਕ ਪਿੰਡ ਕਬੱਡੀ, ਬਾਸਕਟਵਾਲ ਅਤੇ ਹਾਕੀ ਦੇ ਮੈਚ ਹੋਣਗੇ ਅਤੇ ਪੁਲਿਸ ਦੀ ਇੱਕ ਹੋਰ ਬਹਾਦਰ ਅਧਿਕਾਰੀ ਅਤੇ ਹੈਂਡਵਾਲ ਦੀ ਅੰਤਰਰਾਸ਼ਟਰੀ ਖਿਡਾਰਨ ਗੁਰਪ੍ਰੀਤ ਕੌਰ ਪੁਰੇਵਾਲ ਨੂੰ ਵੀ 12 ਫਰਵਰੀ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਮੇਘੋਵਾਲ ਨੇ ਦੱਸਿਆ ਹਲਕਾ ਗਿੱਲ ਦੇ ਵਿਧਾਇਕ ਤਿੰਨੋਂ ਦਿਨ ਖੇਡ ਮੇਲੇ ਦੀ ਪ੍ਰਧਾਨਗੀ ਕਰਨਗੇ ਅਤੇ ਬੀਬੀ ਸਤਵਿੰਦਰ ਕੌਰ ਬਿੱਟੀ, ਪਰਮਿੰਦਰ ਸਿੰਘ ਬਰਾਡ਼ ਓ ਐਸ ਡੀ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅੰਕਿਤ ਬਾਂਸਲ ਓ ਐਸ ਡੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ ਮਹਿਮਾਨ ਹੋਣਗੇ ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਇਨਾਮਾਂ ਦੀ ਵੰਡ ਕਰਨਗੇ। ਅਖੀਰਲੇ ਦਿਨ ਬਾਅਦ ਦੁਪਿਹਰ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਉਨਾਂ ਦੱਸਿਆ ਕਿ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਗਰੀਬ ਤੇ ਜਰੂਰਤਮੰਦ ਖਿਡਾਰੀਆਂ ਦੀ ਮੱਦਦ ਕਰਦੀ ਆ ਰਹੀ ਹੈ ਅਤੇ ਖੇਡਾਂ ਦੀ ਪ੍ਰਫੁੱਲਤਾ ਲਈ ਇਤਿਹਾਸਿਕ ਕੰਮ ਕਰ ਰਹੀ ਹੈ। ਉਨਾਂ ਦੱਸਿਆ ਕਿ ਕੋਕਾ ਕੋਲਾ ਵੱਲੋਂ ਸਾਰੇ ਸਟੇਡੀਅਮ ਨੂੰ ਰੰਗ ਕਰਵਾ ਸੱਜ ਵਿਆਹੀ ਮੁਟਿਆਰ ਵਾਂਗੂ ਸਿੰਗਾਰ ਦਿੱਤਾ ਗਿਆ ਹੈ ਅਤੇ ਏਵਨ ਸਾਈਕਲ ਵੱਲੋਂ 80 ਸਪੋਰਟਸ ਸਾਈਕਲ ਹੋਣਹਾਰ ਖਿਡਾਰੀਆਂ ਹਰ ਸਾਲ ਦੀ ਤਰਾਂ ਇਸਵਾਰ ਵੀ ਮੁਫਤ ਵੰਡੇ ਜਾਣਗੇ। ਉਨਾਂ ਖੇਡ ਮੇਲੇ ਵਿੱਚ ਦਰਸ਼ਕਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।