April 30, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 22 ਫਰਵਰੀ,( ਸਤ ਪਾਲ ਸੋਨੀ ) – ਟੋਰੰਟੋ (ਕੈਨੇਡਾ ) ਵੱਸਦੇ ਸਿਰਕੱਢ ਪੰਜਾਬੀ ਸਮਾਜ ਦੇ ਆਗੂ  ਇੰਦਰਜੀਤ ਸਿੰਘ ਬੱਲ ਨੇ  ਆਪਣੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ  ਅਮਰੀਕਾ ਕੈਨੇਡਾ ਚ ਵੱਸਦੇ ਪੰਜਾਬੀ ਆਪਣੀ ਵਿਰਾਸਤ ਅਤੇ ਕਦਰਾਂ ਕੀਮਤਾਂ ਲਈ ਇਧਰਲੇ ਪੰਜਾਬ ਨਾਲੋਂ ਵਧੇਰੇ ਸੁਚੇਤ ਹਨ। ਉਨ੍ਹਾਂ ਇਸ ਦਾ ਕਾਰਨ ਸਪਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਵਿਕਸਤ ਮੁਲਕਾਂ ਵਿੱਚ 125 ਸਾਲ ਪਹਿਲਾਂ ਗਈ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਉਥੇ ਵੱਸਣ, ਸਤਿਕਾਰ ਯੋਗ ਸਥਾਨ ਹਾਸਲ ਕਰਨ ਅਤੇ ਨਸਲੀ ਵਿਤਕਰੇ ਦੇ ਨਾਲ ਨਾਲ ਗੁਲਾਮੀ ਦਾ ਵੀ ਅਹਿਸਾਸ ਸੀ ਪਰ ਕਰੜੀ ਮਿਹਨਤ ਅਤੇ ਸੰਘਰਸ਼ ਨਾਲ ਉਹ ਉਥੋਂ ਦੇ ਸੰਸਾਰ ਵਿੱਚ ਸਨਮਾਨਿਤ ਸ਼ਹਿਰੀ ਬਣ ਗਏ। ਰੋਟੀ ਕੱਪੜਾ ਤੇ ਮਕਾਨ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਹੀ ਵਿਰਸਾ ਤੇ ਵਿਰਾਸਤ ਸੰਭਾਲਣ ਦੀ ਸੋਝੀ ਆਉਂਦੀ ਹੈ।
ਸਃ ਬੱਲ ਨੇ ਕਿਹਾ ਕਿ ਪਿਛਲੇ 50 ਸਾਲ ਤੇਂ ਕੈਨੇਡਾ ਵੱਸਣ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਫ਼ਲਸਫੇ, ਸੰਗੀਤ , ਸਾਹਿੱਤ ਤੇ ਕੋਮਲ ਕਲਾਵਾਂ ਵਿੱਚ ਚੋਖੀ ਦਿਲਚਸਪੀ ਹੈ ਉਥੇ ਵਿਰਾਸਤੀ ਮੇਲੇ, ਸੰਗੀਤ ਤੇ ਨਾਟਕ ਪੇਸ਼ਕਾਰੀਆਂ ਵਿੱਚ ਪੰਜਾਬੀ ਪਰਿਵਾਰਾਂ ਦੀ ਸ਼ਮੂਲੀਅਤ ਵਧ ਰਹੀ ਹੈ। ਸਾਡੇ ਕੋਲ ਪੂਰੇ ਕੈਨੇਡਾ ਚ ਨਿਰੋਲ ਪੰਜਾਬੀ ਰੇਡੀਉ ਤੇ ਟੀ ਵੀ ਚੈਨਲਜ਼ ਵੀ ਸੌ ਤੋਂ ਵਧੇਰੇ ਹਨ ਜਿੰਨ੍ਹਾਂ ਨੂੰ ਪੂਰੇ ਵਿਸ਼ਵ ਚ ਸੁਣਿਆ ਜਾਂਦਾ ਹੈ।
ਸਃ ਬੱਲ ਆਪਣੇ ਜੱਦੀ ਪਿੰਡ ਬੁਤਾਲਾ( ਕਪੂਰਥਲਾ) ਵਿੱਚ  ਆਪਣੀ ਜੀਵਨ ਸਾਥਣ ਸੁਰਿੰਦਰ ਕੌਰ ਸਮੇਤ ਲਗਪਗ ਦੋ ਮਹੀਨੇ ਗੁਜ਼ਾਰ ਕੇ ਕਲ੍ਹ ਕੈਨੇਡਾ ਪਰਤ ਰਹੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ  ਇੰਦਰਜੀਤ ਸਿੰਘ ਬੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।ਸੁਆਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ  ਇੰਦਰਜੀਤ ਬੱਲ ਨੇ ਟੋਰੰਟੋ ਵਿੱਚ ਆਪਣੇ ਸਹਿਯੋਗੀਆਂ ਇਕਬਾਲ ਮਾਹਲ ਤੇ ਹੋਰਨਾਂ ਦੇ ਨਾਲ ਸਾਥ ਅਜਿਹਾ ਮਾਹੌਲ ਉਸਾਰਿਆ ਹੈ ਕਿ ਪੰਜਾਬੀ ਮੂਲ ਦੇ ਨਵੇਂ ਨਵੇਲੇ ਗੱਭਰੂ ਵੀ ਇਨ੍ਹਾਂ ਵਾਂਗ ਲੜਕੇ ਲੜਕੀਆਂ ਨੂੰ ਕੈਨੇਡੀਅਨ ਪਾਰਲੀਮੈਂਟ, ਸੂਬਾਈ ਅਸੈਂਬਲੀ ਅਤੇ ਗਰੇਟਰ ਟੋਰੰਟੋ ਦੇ ਵੱਖ ਵੱਖ ਹਿੱਸਿਆਂ ਦੇ ਕੌਂਸਲਰ ਬਣਾ ਚੁਕੇ ਹਨ, ਕੋਲੋਂ ਚਾਨਣ ਮੁਨਾਰੇ ਵਾਂਗ ਸੇਧ ਲੈਂਦੇ ਹਨ।

 

 

 

 

 

107710cookie-checkਕੈਨੇਡਾ ਅਮਰੀਕਾ ਚ ਵੱਸਦੇ ਪੰਜਾਬੀ ਵਿਰਾਸਤ ਲਈ ਪੰਜਾਬ ਨਾਲੋਂ ਵਧੇਰੇ ਸੁਚੇਤ- ਇੰਦਰਜੀਤ ਸਿੰਘ ਬੱਲ
error: Content is protected !!